ਅਮਰਗੜ੍ਹ, 22 ਫਰਵਰੀ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਸਰਕਾਰੀ ਕਾਲਜ, ਅਮਰਗੜ੍ਹ ਵਿਖੇ ਮਾਂ ਬੋਲੀ ਦਿਵਸ ਪਿ੍ੰਸੀਪਲ ਪ੍ਰੋ. ਮੀਨੂ ਦੀ ਅਗਵਾਈ ਹੇਠ ਮਨਾਇਆ ਗਿਆ | ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਨਦੀਪ ਵਾਤਿਸ਼ ਨੇ ਕਿਹਾ 21 ਫਰਵਰੀ ਦਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਾਨੂੰ 1952 ਦੇ ਢਾਕਾ ਯੂਨੀਵਰਸਿਟੀ ਦੇ ਆਪਣੀ ਮਾਂ-ਬੋਲੀ ਬੰਗਲਾ ਨੂੰ ਪੂਰਬੀ ਪਾਕਿਸਤਾਨ ਦੀ ਕੌਮੀ ਬੋਲੀ ਬਣਾਉਣ ਦੀ ਮੰਗ ਕਰਦਿਆਂ ਸ਼ਹੀਦ ਹੋਏ ਵਿਦਿਆਰਥੀਆਂ ਅਤੇ ਸੈਂਕੜੇ ਨੌਜਵਾਨਾਂ ਦੀ ਯਾਦ ਦਿਵਾਉਂਦਾ ਹੈ, ਜਿੰਨਾ ਨੇ ਮਾਂ- ਬੋਲੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ | ਡਾ. ਤੇਜਿੰਦਰ ਸਿੰਘ ਵਾਈਸ ਪਿ੍ੰਸੀਪਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ, ਅਤੇ ਦੂਜਿਆਂ ਦੀਆਂ ਮਾਤ-ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਡਾ. ਸੁਖਦੀਪ ਸਿੰਘ ਨੇ ਕਿਹਾ ਕਿ ਵਿਸ਼ਵ ਭਰ 'ਚ 21 ਫਰਵਰੀ ਨੂੰ ਲੋਕ ਮਾਂ-ਬੋਲੀ ਦਿਹਾੜੇ ਵਜੋਂ ਮਨਾਉਂਦਿਆਂ, ਕੋਈ ਨਾ ਕੋਈ ਅਜਿਹਾ ਸੰਕਲਪ ਲੈਂਦੇ ਹਨ , ਜਿਸ 'ਤੇ ਸਾਲ ਭਰ ਕੰਮ ਕਰਕੇ ਉਹ ਆਪਣੀ ਬੋਲੀ ਨੂੰ ਪ੍ਰਫੁੱਲਤ ਕਰਨ 'ਚ ਬਣਦਾ ਹਿੱਸਾ ਪਾ ਸਕਣ | ਪ੍ਰੋ. ਬੰਸੀ ਲਾਲ ਨੇ ਕਿਹਾ ਕਿ ਇਸ ਦਿਨ ਸੰਸਾਰ ਪੱਧਰ 'ਤੇ ਹਰ ਖਿੱਤੇ ਵਿਚ ਆਪਣੀ-ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਵਜੋਂ ਇਹ ਦਿਹਾੜਾ ਮਨਾਇਆ ਜਾਣਾ ਚਾਹੀਦਾ ਹੈ | ਸਮੂਹ ਵਿਦਿਆਰਥੀਆਂ ਨੂੰ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ |