ਸੰਗਰੂਰ, 26 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ 1 ਮਾਰਚ ਦਿਨ ਐਤਵਾਰ ਨੂੰ 10:00 ਵਜੇ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਰਮ ਸਿੰਘ ਜ਼ਖ਼ਮੀ ਦੀ ਕੁੰਡਲੀਏ ਛੰਦ ਦੀ ਪੁਸਤਕ 'ਕਦਮਾਂ ਵਿਚ ਅਸਮਾਨ' ਲੋਕ ਅਰਪਣ ਕੀਤੀ ਜਾਵੇਗੀ | ਇਸ ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਕਰਨਗੇ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਪੁਸਤਕ ਸਬੰਧੀ ਪਰਚਾ 'ਕਦਮਾਂ ਵਿਚ ਅਸਮਾਨ: ਇੱਕ ਵਿਸ਼ਲੇਸ਼ਣ' ਡਾ. ਜਗਦੀਪ ਕੌਰ ਆਹੂਜਾ ਪੜ੍ਹਨਗੇ ਅਤੇ ਵਿਚਾਰ ਚਰਚਾ ਵਿਚ ਡਾ. ਮੀਤ ਖਟੜਾ, ਡਾ. ਭਗਵੰਤ ਸਿੰਘ, ਡਾ. ਮਨੀਸ਼ਾ ਰਾਣੀ, ਸੁਰਿੰਦਰ ਸ਼ਰਮਾ ਨਾਗਰਾ ਅਤੇ ਜੰਗੀਰ ਸਿੰਘ ਰਤਨ ਹਿੱਸਾ ਲੈਣਗੇ | ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਪੁਸਤਕ ਤੋਂ ਪਹਿਲਾਂ ਕਰਮ ਸਿੰਘ ਜ਼ਖ਼ਮੀ ਦੇ ਛੇ ਗ਼ਜ਼ਲ-ਸੰਗ੍ਰਹਿ, ਇੱਕ ਕਾਵਿ-ਸੰਗ੍ਰਹਿ, ਇੱਕ ਗੀਤ-ਸੰਗ੍ਰਹਿ, ਦੋ ਲੇਖ-ਸੰਗ੍ਰਹਿ, ਇੱਕ ਆਲੋਚਨਾ ਦੀ ਪੁਸਤਕ, ਛੇ ਸੰਪਾਦਿਤ-ਸੰਗ੍ਰਹਿ ਅਤੇ ਇੱਕੀ ਅਨੁਵਾਦਿਤ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ | ਇਸ ਮੌਕੇ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ |