ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ (ਧਾਲੀਵਾਲ, ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਜਥੇਬੰਦੀ ਦੇ ਆਗੂ ਰਾਮਪਾਲ ਸ਼ਰਮਾ ਦੀ ਅਗਵਾਈ ਵਿਚ ਇੱਕ ਗ਼ਰੀਬ ਪਰਿਵਾਰ ਦੇ ਘਰ ਦੀ ਕੁਰਕੀ ਹੋਣ ਤੋਂ ਰੋਕੀ ਗਈ | ਰਾਮਪਾਲ ਸ਼ਰਮਾ ਨੇ ਦੱਸਿਆ ਕਿ ਸਥਾਨਕ ਪਰਮਾ ਨੰਦ ਬਸਤੀ ਦੇ ਹਰਪ੍ਰੀਤ ਵਰਮਾ ਵਲੋਂ ਰੁਜ਼ਗਾਰ ਤੋਰਨ ਲਈ ਸਟੇਟ ਬੈਂਕ ਆਫ਼ ਇੰਡੀਆ ਤੋਂ ਕਰਜ਼ਾ ਲਿਆ ਸੀ | ਜਿਸ ਦੀਆਂ ਉਹ ਲਗਾਤਾਰ ਬੈਂਕ ਨੂੰ ਕਿਸ਼ਤਾਂ ਵੀ ਭਰਦਾ ਰਿਹਾ ਪਰ ਕੋਵਿਡ-19 ਦੌਰਾਨ ਅਚਾਨਕ ਉਸ ਦਾ ਕਾਰੋਬਾਰ ਠੱਪ ਹੋ ਗਿਆ ਪਰ ਬੈਂਕ ਅਧਿਕਾਰੀਆਂ ਵਲੋਂ ਉਸ ਨੂੰ ਕੋਈ ਰਿਆਇਤ ਦੇਣ ਦੀ ਬਜਾਏ ਘਰ ਦੀ ਕੁਰਕੀ ਕਰਨ ਦਾ ਰਾਹ ਅਖ਼ਤਿਆਰ ਕਰ ਲਿਆ, ਜਿਸ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੀ ਅਗਵਾਈ ਵਿਚ ਕਿਸਾਨ ਇਕੱਠੇ ਹੋਕੇ ਹਰਪ੍ਰੀਤ ਵਰਮਾ ਦੇ ਘਰ ਅੱਗੇ ਬੈਠ ਗਏ ਪਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਕੋਈ ਵੀ ਪ੍ਰਸ਼ਾਸਨਿਕ ਜਾਂ ਬੈਂਕ ਅਧਿਕਾਰੀ ਕੁਰਕੀ ਕਰਨ ਲਈ ਨਹੀਂ ਆਇਆ | ਸੂਬਾਈ ਆਗੂ ਰਾਮਪਾਲ ਸ਼ਰਮਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਵਲੋਂ ਕਿਸੇ ਦੇ ਵੀ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਬਹਾਦਰ ਸਿੰਘ, ਕਾਲਾ ਸਿੰਘ, ਮੱਖਣ ਸਿੰਘ, ਜਗਤਾਰ ਸਿੰਘ ਤਾਰੀ, ਬਲਦੇਵ ਸਿੰਘ ਅਤੇ ਬਾਲ ਕਿ੍ਸ਼ਨ ਸਿੰਘ ਆਦਿ ਮੌਜੂਦ ਸਨ |