ਸਖ਼ਤ ਮਿਹਨਤ ਨਾਲ ਕੈਨੇਡਾ 'ਚ ਪੰਜਾਬੀ ਗੱਡ ਸਕਦੇ ਨੇ ਸਫਲਤਾ ਦੇ ਝੰਡੇ- ਐਮ.ਪੀ. ਗਿੱਲ
ਅਮਰਗੜ੍ਹ, 26 ਫਰਵਰੀ (ਜਤਿੰਦਰ ਮੰਨਵੀ) - ਕੈਨੇਡਾ ਦੇ ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਅਮਨਪ੍ਰੀਤ ਸਿੰਘ ਗਿੱਲ ਆਪਣੀ ਪੰਜਾਬ ਫੇਰੀ ਦੌਰਾਨ ਅੱਜ ਪਿੰਡ ਲਾਂਗੜੀਆਂ ਵਿਖੇ ਪ੍ਰਭਜੋਤ ਸਿੰਘ ਢੀਂਡਸਾ ਲਾਂਗੜੀਆਂ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਜਿੱਥੇ ਜੋਤੀ ਢੀਂਡਸਾ ਅਤੇ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਮਨੀ ਲਾਂਗੜੀਆ ਦੀ ਅਗਵਾਈ 'ਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਤੇ ਐਨ.ਆਰ.ਆਈ. ਵੀਰਾਂ ਵੱਲੋਂ ਐਮ.ਪੀ. ਗਿੱਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਪੰਜਾਬੀ ਨੌਜਵਾਨਾਂ, ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਅਤੇ ਕੈਨੇਡਾ ਦੀ ਮੌਜੂਦਾ ਸਥਿਤੀ ਬਾਰੇ ਜਿੱਥੇ ਮੀਡੀਆ ਨਾਲ ਅਹਿਮ ਵਿਚਾਰ ਸਾਂਝੇ ਕੀਤੇ ਉੱਥੇ ਹੀ ਵੀਜ਼ਾ ਸਮੱਸਿਆਵਾਂ ਅਤੇ ਕੈਨੇਡਾ ਦੀ ਤਰੱਕੀ ਵਿਚ ਪੰਜਾਬੀਆਂ ਦੇ ਯੋਗਦਾਨ ਬਾਰੇ ਵੀ ਵਿਸਥਾਰਪੂਰਵਕ ਚਰਚਾ ਹੋਈ | ਮੀਡੀਆ ਨਾਲ ਗੱਲਬਾਤ ਕਰਦਿਆਂ ਐਮ.ਪੀ.ਅਮਨਪ੍ਰੀਤ ਸਿੰਘ ਗਿੱਲ ਨੇ ਆਖਿਆ ਕਿ ਕੈਨੇਡਾ ਇੱਕ ਅਮਨ-ਪਸੰਦ ਦੇਸ਼ ਹੈ ਜੋ ਹਰ ਮਿਹਨਤੀ ਇਨਸਾਨ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਦਾ ਹੈ | ਪੰਜਾਬੀ ਆਪਣੀ ਹਿੰਮਤ ਅਤੇ ਸਿਦਕ ਸਦਕਾ ਉੱਥੇ ਕਿਸੇ ਵੀ ਉੱਚੇ ਮੁਕਾਮ ਨੂੰ ਹਾਸਲ ਕਰ ਸਕਦੇ ਹਨ | ਉਨ੍ਹਾਂ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜਾਣ ਤੋਂ ਪਹਿਲਾਂ ਸਬੰਧਤ ਮੁਲਕ 'ਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਅਤੇ ਆਪਣੇ ਵਿਸ਼ੇ ਬਾਰੇ ਡੂੰਘੀ ਖੋਜ ਜ਼ਰੂਰ ਕਰਨ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਖਾਵਾਂ ਹੋ ਸਕੇ | ਵਿਸ਼ਵਵਿਆਪੀ ਮਹਿੰਗਾਈ ਤੇ ਚਿੰਤਾ ਜ਼ਾਹਿਰ ਕਰਦਿਆਂ ਐਮ.ਪੀ ਗਿੱਲ ਨੇ ਮੰਨਿਆ ਕਿ ਇਸ ਦਾ ਅਸਰ ਕੈਨੇਡਾ ਵਿਚ ਰਹਿ ਰਹੇ ਆਮ ਲੋਕਾਂ ਅਤੇ ਖ਼ਾਸ ਕਰ ਕੇ ਵਿਦਿਆਰਥੀਆਂ ਤੇ ਵੀ ਪਿਆ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਮਹਿੰਗਾਈ ਅਤੇ ਵਧ ਰਹੇ ਅਪਰਾਧ ਵਰਗੇ ਗੰਭੀਰ ਮੁੱਦਿਆਂ ਨੂੰ ਕੈਨੇਡੀਅਨ ਪਾਰਲੀਮੈਂਟ ਵਿਚ ਉਠਾਉਣਗੇ | ਇਸ ਮੌਕੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਖਟੜਾ, ਗੁਰਿੰਦਰ ਸਿੰਘ ਰਾਣਾ ਕੈਨੇਡਾ, ਅਮਰਿੰਦਰ ਸਿੰਘ ਢੀਂਡਸਾ ਮੰਨਵੀ, ਚਰਨਪਾਲ ਸਿੰਘ ਖਟੜਾ, ਗੁਰਜੋਤ ਸਿੰਘ ਜੋਤੀ ਕੈਨੇਡਾ, ਸੈਮੀ ਰੰਧਾਵਾ, ਇਕਬਾਲ ਸਿੰਘ ਇੰਗਲੈਂਡ, ਨਵਦੀਪ ਸਿੰਘ ਚਹਿਲ, ਅਰਵਿੰਦਰ ਸਿੰਘ, ਹਰਦਿੱਤ ਸਿੰਘ, ਸ਼ਮਸ਼ੇਰ ਸਿੰਘ, ਗੁਰਤਾਜ ਸਿੰਘ, ਰਮਨਦੀਪ ਸਿੰਘ, ਬਿਕਰਮ ਨਾਰੀਕੇ, ਗਗਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ ਨਾਰੀਕੇ ਸਮੇਤ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
ਕੈਨੇਡੀਅਨ ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ ਪਿੰਡ ਲਾਂਗੜੀਆਂ ਪਹੁੰਚੇ
ਅਜੀਤ ਡੈਸਕ
27-02-2026