ਸ਼ੇਰਪੁਰ, 6 ਮਾਰਚ (ਮੇਘ ਰਾਜ ਜੋਸ਼ੀ) - ਕਸਬਾ ਸ਼ੇਰਪੁਰ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਆਵਾਰਾ ਕੁੱਤਿਆਂ ਦਾ ਖ਼ੌਫ਼ ਲਗਾਤਾਰ ਵਧਦਾ ਜਾ ਰਿਹਾ ਹੈ | ਲਗਭਗ ਹਰ ਰੋਜ਼ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਇਲਾਕਾ ਵਾਸੀਆਂ ਵਿੱਚ ਡਰ ਅਤੇ ਗ਼ੁੱਸਾ ਪਾਇਆ ਜਾ ਰਿਹਾ ਹੈ | ਅੱਜ ਸਵੇਰੇ ਗੋਬਿੰਦਪੁਰਾ ਰੋਡ 'ਤੇ 14 ਸਾਲਾ ਬੱਚੇ 'ਤੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ, ਜਿਸ ਨਾਲ ਬੱਚਾ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ | ਸ਼ੋਰ ਸੁਣ ਕੇ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਬਹਾਦਰੀ ਨਾਲ ਬੱਚੇ ਨੂੰ ਕੁੱਤਿਆਂ ਤੋਂ ਬਚਾਇਆ | ਬੱਚੇ ਨੂੰ ਬਚਾਉਂਦੇ ਸਮੇਂ ਸੰਗਾਰਾ ਸਿੰਘ ਨਾਮਕ ਵਿਅਕਤੀ ਨੂੰ ਵੀ ਕੁੱਤਿਆਂ ਨੇ ਕੱਟ ਕੇ ਜ਼ਖਮੀ ਕਰ ਦਿੱਤਾ | ਇਸ ਤੋਂ ਇਲਾਵਾ ਇੱਕ ਪ੍ਰਵਾਸੀ ਮਜ਼ਦੂਰ ਵੀ ਹਮਲੇ ਦਾ ਸ਼ਿਕਾਰ ਹੋਇਆ | ਸੂਚਨਾ ਮਿਲਣ 'ਤੇ ਨਸ਼ਾ ਰੋਕੂ ਕਮੇਟੀ ਖੇੜੀ ਅਤੇ ਸ਼ੇਰਪੁਰ ਦੇ ਆਗੂ ਬਲਵਿੰਦਰ ਸਿੰਘ ਬਿੰਦਾ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਸ਼ੇਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ | ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ | ਲੋਕਾਂ ਦਾ ਕਹਿਣਾ ਹੈ ਕਿ ਸਕੂਲ ਜਾਣ ਵਾਲੇ ਬੱਚੇ ਅਤੇ ਸਵੇਰੇ ਸੈਰ ਕਰਨ ਵਾਲੇ ਬਜ਼ੁਰਗ ਖ਼ਾਸ ਤੌਰ 'ਤੇ ਖ਼ਤਰੇ ਵਿੱਚ ਹਨ | ਸ਼ਹਿਰ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜਬੂਰ ਹੋਣਗੇ |