ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਭੁੱਲਰ, ਧਾਲੀਵਾਲ)-ਪਿਛਲੇ ਦਿਨੀਂ ਦੇਸ ਵਿਰੋਧੀ ਅਨਸਰਾਂ ਨਾਲ ਹੋਈ ਮੁੱਠਭੇੜ ਦੌਰਾਨ ਮਨੀਪੁਰ 'ਚ ਸ਼ਹੀਦ ਹੋਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਹਿਲਾਂ ਚੌਂਕ ਦੇ ਅਸਾਮ ਰਾਈਫ਼ਲ ਵਿਚ ਤਾਇਨਾਤ ਫ਼ੌਜੀ ਜਵਾਨ ਹੌਲਦਾਰ ਗੁਰਦੀਪ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਮਹਿਲਾਂ (ਸੰਗਰੂਰ) ਵਿਖੇ ਹੋਇਆ | ਜਿਸ ਵਿਚ ਪ੍ਰਸ਼ਾਸਨ ਵਲੋਂ ਐਸ ਡੀ ਐਮ ਸੁਨਾਮ ਊਧਮ ਸਿੰਘ ਵਾਲਾ ਗਗਨਦੀਪ ਸਿੰਘ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਅਕਾਲੀ ਆਗੂ ਅਰਵਿੰਦ ਖੰਨਾ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਅਤੇ ਪਿੰਡ ਵਾਸੀ ਸ਼ਾਮਿਲ ਹੋਏ | ਇਸ ਸਮੇਂ ਬਾਬਾ ਕਰਮਜੀਤ ਸਿੰਘ ਅਤੇ ਮੇਜਰ ਸਿੰਘ ਦੇ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸ਼ਹੀਦ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਉਨ੍ਹਾਂ ਦੀ ਮਾਤਾ ਜਲ ਕੌਰ ਅਤੇ ਪਤਨੀ ਸੰਦੀਪ ਕੌਰ ਨੂੰ 50-50 ਹਜਾਰ ਦੇ ਚੈੱਕ ਦੇਣ ਦੇ ਨਾਲ-ਨਾਲ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਪਿੰਡ 'ਚ ਸ਼ਹੀਦ ਦੀ ਯਾਦ ਵਿਚ ਯਾਦਗਾਰ ਬਣਾਉਣ ਅਤੇ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਤੋਂ ਬਾਅਦ ਡਿਊਟੀ ਦੌਰਾਨ ਸ਼ਹੀਦ ਹੋਏ ਫ਼ੌਜੀ ਜਵਾਨ ਨੂੰ ਮਿਲਣ ਵਾਲੀ ਰਾਸ਼ੀ ਸਮੇਤ ਸਾਰੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ | ਇਸ ਸਮੇਂ ਪਰਮਿੰਦਰ ਸਿੰਘ ਢੀਂਡਸਾ, ਬਲਦੇਵ ਸਿੰਘ ਮਾਨ, ਅਰਵਿੰਦ ਖੰਨਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਸ਼ਹੀਦ ਦੀ ਸ਼ਹਾਦਤ 'ਤੇ ਮਾਣ ਕਰਦਿਆਂ ਕਿਹਾ ਕਿ ਸ਼ਹੀਦ ਜਿੱਥੇ ਦੇਸ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਉੱਥੇ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸਰੋਤ ਵੀ ਹੁੰਦੇ ਹਨ | ਇਸ ਮੌਕੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਓ ਐਸ ਡੀ ਤਪਿੰਦਰ ਸਿੰਘ ਸੋਹੀ, ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸਰਪੰਚ ਰਵਿੰਦਰ ਸਿੰਘ ਮਾਨ ਅਤੇ ਨੰਬਰਦਾਰ ਰਣ ਸਿੰਘ ਮਹਿਲਾਂ ਆਦਿ ਮੌਜੂਦ ਸਨ |