ਚੀਮਾ ਮੰਡੀ, 9 ਮਾਰਚ (ਜਗਰਾਜ ਮਾਨ)- ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ 'ਚ ਹਲਕਾ ਸੁਨਾਮ ਦੇ ਚੀਮਾ ਮੰਡੀ ਖੇਤਰ ਨੂੰ ਵੱਡੀ ਸੌਗਾਤ ਮਿਲੀ ਹੈ | ਕੈਬਨਿਟ ਮੰਤਰੀ ਅਮਨ ਅਰੋੜਾ ਦੇ ਯਤਨਾਂ ਸਦਕਾ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ 100 ਸਾਲਾ ਬਰਸੀ ਨੂੰ ਸਮਰਪਿਤ ਉਪਰਾਲੇ ਤਹਿਤ ਚੀਮਾ ਮੰਡੀ ਵਿਖੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੇ ਨਾਮ 'ਤੇ ਇੱਕ ਆਧੁਨਿਕ ਡਿਗਰੀ ਕਾਲਜ ਅਤੇ ਗਰੈਜੂਏਟ ਪੱਧਰ ਦਾ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸਥਾਪਿਤ ਕੀਤਾ ਜਾਵੇਗਾ | ਇਸ ਮਹੱਤਵਪੂਰਨ ਐਲਾਨ ਨਾਲ ਵਿਧਾਨ ਸਭਾ ਹਲਕਾ ਸੁਨਾਮ ਦੇ ਨਾਲ-ਨਾਲ ਪੂਰੇ ਮਾਲਵਾ ਖੇਤਰ ਦੇ ਨੌਜਵਾਨਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਇਲਾਕੇ 'ਚ ਉੱਚ ਸਿੱਖਿਆ ਦੇ ਨਵੇਂ ਮੌਕੇ ਪੈਦਾ ਹੋਣਗੇ | ਬਜਟ 'ਚ ਇਸ ਐਲਾਨ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਚੀਮਾ ਮੰਡੀ ਵਿਖੇ ਸਥਾਪਿਤ ਹੋਣ ਵਾਲਾ ਡਿਗਰੀ ਕਾਲਜ ਇਲਾਕੇ ਦੇ ਵਿਦਿਆਰਥੀਆਂ ਨੂੰ ਆਪਣੇ ਨੇੜੇ ਹੀ ਉੱਚ ਸਿੱਖਿਆ ਦੀ ਸੁਵਿਧਾ ਮੁਹੱਈਆ ਕਰਵਾਏਗਾ, ਜਦਕਿ ਗਰੈਜੂਏਟ ਪੱਧਰ ਦਾ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੌਜਵਾਨਾਂ ਨੂੰ ਭਾਰਤੀ ਸ਼ਸਤਰ ਬਲਾਂ ਵਿੱਚ ਭਰਤੀ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ | ਇਹ ਪ੍ਰੋਜੈਕਟ ਮਹਾਨ ਸੰਤ ਅਤੇ ਸਮਾਜ ਸੁਧਾਰਕ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ 100 ਸਾਲਾ ਬਰਸੀ ਨੂੰ ਸਮਰਪਿਤ ਹੋਵੇਗਾ, ਜੋ ਕਿ 31 ਜਨਵਰੀ 2027 ਨੂੰ ਮਨਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਨੇ ਸਿੱਖਿਆ ਅਤੇ ਅਧਿਆਤਮਿਕਤਾ ਦੇ ਪ੍ਰਸਾਰ ਲਈ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਉਨ੍ਹਾਂ ਦੇ ਨਾਮ 'ਤੇ ਇਹ ਸੰਸਥਾਵਾਂ ਸਥਾਪਿਤ ਕਰਨਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ |