ਅਹਿਮਦਗੜ, 9 ਮਾਰਚ (ਰਵਿੰਦਰ ਪੁਰੀ, ਰਣਧੀਰ ਮਹੋਲੀ) - ਸ਼ਹਿਰ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਮੰਗ ਸਥਾਨਕ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਕੇ 50 ਬੈੱਡ ਦਾ ਹਸਪਤਾਲ ਬਣਾਉਣ ਦੀ ਮੰਗ ਨੂੰ ਹੁਣ ਪੰਜਾਬ ਸਰਕਾਰ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ | ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਰਾਹੁਲ ਆਈ.ਏ.ਐਸ. ਵਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਹੁਣ ਹਸਪਤਾਲ ਨੂੰ ਅਪਗ੍ਰੇਡ ਕਰਕੇ ਪੂਰੀਆਂ ਸਹੂਲਤਾਂ ਨਾਲ 50 ਬੈੱਡ ਦਾ ਬਣਾਇਆ ਜਾਵੇਗਾ | ਜਿਸ ਸਬੰਧੀ ਕਾਰਵਾਈ ਆਰੰਭ ਹੋ ਗਈ ਹੈ | ਇਸੇ ਸਬੰਧੀ ਅੱਜ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਵੀ ਪੰਜਾਬ ਸਰਕਾਰ ਦਾ ਵਿਸ਼ੇਸ਼ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦਾ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਸਾਲਾਂ ਤੋਂ ਅਹਿਮਦਗੜ੍ਹ ਦੇ ਲੋਕਾਂ ਦੀ ਇਸ ਮੰਗ ਨੂੰ ਪ੍ਰਵਾਨ ਕਰਕੇ ਪੰਜਾਬ ਸਰਕਾਰ ਨੇ ਇਲਾਕੇ ਲਈ ਵੱਡਾ ਕਾਰਜ ਕੀਤਾ ਹੈ | ਜਿਸ ਸਬੰਧੀ ਮੈਂ ਸਮੂਹ ਨਗਰ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹੈ | ਇਸ ਦੇ ਨਾਲ ਹੀ ਸ਼ਹਿਰ ਦੇ ਸਮੂਹ ਨਗਰ ਨਿਵਾਸੀਆਂ ਨੇ ਵੀ ਇਸ ਤੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਸ੍ਰੀ ਵਿੱਕੀ ਸ਼ਰਮਾ, ਚੇਅਰਮੈਨ ਮਾਰਕੀਟ ਕਮੇਟੀ ਕਮਲਜੀਤ ਸਿੰਘ ਉੱਭੀ, ਸਟੇਟ ਐਵਾਰਡੀ ਸੋਸ਼ਲ ਵੈੱਲਫੇਅਰ ਆਰਗਨਾਈਜ਼ੇਸ਼ਨ ਦੇ ਪ੍ਰਧਾਨ ਡਾਕਟਰ ਸੁਨੀਤ ਹਿੰਦ, ਸਕੱਤਰ ਤਰਸੇਮ ਗਰਗ, ਰਾਈਸ ਮਿਲਰ ਐਸੋਸੀਏਸ਼ਨ ਅਹਿਮਦਗੜ੍ਹ ਦੇ ਮੁੱਖ ਆਗੂ ਸ਼ੇਰੂ ਝਨੇਰੀਆ, ਜਤਿੰਦਰ ਕਰੀਰ, ਰਿਸ਼ੂ ਗੋਇਲ, ਸਟੇਟ ਅਵਾਰਡੀ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵੱਲੋਂ ਪ੍ਰਧਾਨ ਰਕੇਸ਼ ਗਰਗ, ਸ਼੍ਰੀ ਸਾਲਾਸਰ ਸੇਵਾ ਮੰਡਲ ਦੇ ਮੁੱਖ ਆਗੂ ਅਨੰਦ ਮਿੱਤਲ, ਸੋਨੂ ਰਾਮਾਨੰਦ, ਸ੍ਰੀ ਖਾਟੂ ਸਾਮ ਸੇਵਾ ਮੰਡਲ ਦੇ ਆਗੂ ਮੋਹਿਤ ਜਿੰਦਲ, ਐਡਵੋਕੇਟ ਸੱਤਿਅਮ ਨਾਗਰ, ਬਜਰੰਗ ਅਖਾੜਾ ਦੇ ਮੁੱਖ ਪ੍ਰਬੰਧਕ ਡੀ.ਕੇ ਗੋਇਲ, ਅਸ਼ੋਕ ਗੋਇਲ, ਅਸ਼ੋਕ ਡੱਬੀ, ਵਿਸ਼ਵਕਰਮਾ ਮੰਦਿਰ ਕਮੇਟੀ ਦੇ ਪ੍ਰਧਾਨ ਤਰਲੋਚਨ ਚਾਪੜਾ, ਸ਼੍ਰੀ ਨੈਣਾ ਦੇਵੀ ਚੈਰੀਟੇਬਲ ਟਰੱਸਟ ਵੱਲੋਂ ਮਨੀਸ਼ ਸਿੰਗਲਾ, ਲਲਿਤ ਗੁਪਤਾ, ਸਾਹਿਲ ਜਿੰਦਲ ਆਦਿ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਕਰਕੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਦਾ ਇਸ ਉਦਮ ਲਈ ਧੰਨਵਾਦ ਕੀਤਾ |