ਹੁਣ ਸਿਰਫ਼ ਨੈਸ਼ਨਲ ਹਾਈਵੇ ਰਾਹੀਂ ਹੀ ਆਉਣਾਜਾਣਾ ਸੰਭਵ
ਬਮਿਆਲ, 9 ਮਾਰਚ (ਰਕੇਸ਼ ਸ਼ਰਮਾ)- ਸਰਹੱਦੀ ਇਲਾਕਿਆਂ ਵਿਚ ਵੱਧ ਰਹੀਆਂ ਸੰਦੇਹਜਨਕ ਗਤੀਵਿਧੀਆਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਨੇ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਹਨ | ਪੁਲਿਸ ਵਲੋਂ ਬੀ.ਐਸ.ਐਫ. ਨਾਲ ਮਿਲ ਕੇ ਪੂਰੇ ਸਰਹੱਦੀ ਖੇਤਰ ਵਿਚ ਵਿਸ਼ੇਸ਼ ਸੁਰੱਖਿਆ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਕਿਸੇ ਵੀ ਕਿਸਮ ਦੀ ਸੰਦੇਹਜਨਕ ਹਲਚਲ ਨੂੰ ਸਮੇਂ ਸਿਰ ਰੋਕਿਆ ਜਾ ਸਕੇ | ਹੁਣ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਪ੍ਰਸ਼ਾਸਨ ਨੇ ਇਕ ਵੱਡਾ ਫ਼ੈਸਲਾ ਲਿਆ ਹੈ | ਇਸ ਫ਼ੈਸਲੇ ਅਨੁਸਾਰ ਜ਼ਿਲ੍ਹੇ ਦੇ ਬਾਰਡਰ ਇਲਾਕਿਆਂ ਰਾਹੀਂ ਜੰਮੂ-ਕਸ਼ਮੀਰ ਅਤੇ ਪੰਜਾਬ ਦਰਮਿਆਨ ਜਾਣ ਵਾਲੇ ਸਾਰੇ ਵਿਕਲਪਕ ਰਸਤੇ ਫ਼ਿਲਹਾਲ ਬੰਦ ਕਰ ਦਿੱਤੇ ਗਏ ਹਨ | ਪੁਲਿਸ ਦੇ ਹੁਕਮਾਂ ਮੁਤਾਬਿਕ ਦੀਨਾਨਗਰ ਰੂਟ ਰਾਹੀਂ ਜੰਮੂ-ਕਸ਼ਮੀਰ ਜਾਣ ਵਾਲੇ ਅਤੇ ਜੰਮੂ-ਕਸ਼ਮੀਰ ਤੋਂ ਪੰਜਾਬ ਦੇ ਵੱਖਵੱਖ ਹਿੱਸਿਆਂ ਵਿਚ ਆਉਣ ਵਾਲੇ ਵਾਹਨਾਂ ਦੀ ਐਂਟਰੀ 'ਤੇ ਰੋਕ ਲਾ ਦਿੱਤੀ ਗਈ ਹੈ | ਹੁਣ ਇਹ ਵਾਹਨ ਸਿਰਫ਼ ਜੰਮੂਪਠਾਨਕੋਟ ਨੈਸ਼ਨਲ ਹਾਈਵੇ ਦੇ ਮਾਧੋਪੁਰਲਖਨਪੁਰ ਰੂਟ ਰਾਹੀਂ ਹੀ ਆਜਾ ਸਕਣਗੇ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਾਰਡਰ ਏਰੀਆ ਵਿਚ ਲੱਗੇ ਸਾਰੇ ਇੰਟਰ ਸਟੇਟ ਪੁਲਿਸ ਨਾਕਿਆਂ 'ਤੇ ਤੈਨਾਤ ਜਵਾਨਾਂ ਨੂੰ ਸਖ਼ਤ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਵਾਹਨ ਇਨ੍ਹਾਂ ਬੰਦ ਕੀਤੇ ਰਸਤਿਆਂ ਰਾਹੀਂ ਪੰਜਾਬ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਤੁਰੰਤ ਰੋਕ ਕੇ ਮਾਧੋਪੁਰਲਖਨਪੁਰ ਨੈਸ਼ਨਲ ਹਾਈਵੇ ਵੱਲ ਮੋੜ ਦਿੱਤਾ ਜਾਵੇ | ਹਾਲਾਂਕਿ ਸਥਾਨਿਕ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਦਿੱਤੀ ਜਾਵੇਗੀ | ਗੌਰਤਲਬ ਹੈ ਕਿ ਜ਼ਿਲ੍ਹੇ ਦਾ ਇਹ ਸਰਹੱਦੀ ਇਲਾਕਾ ਇਕ ਪਾਸੇ ਪਾਕਿਸਤਾਨ ਦੀ ਸਰਹੱਦ ਨਾਲ ਅਤੇ ਦੂਜੇ ਪਾਸੇ ਜੰਮੂ ਸੰਭਾਗ ਦੇ ਕਠੂਆ ਜ਼ਿਲ੍ਹੇ ਨਾਲ ਲੱਗਦਾ ਹੈ | ਜਿਸ ਕਰਕੇ ਇਹ ਖੇਤਰ ਸੁਰੱਖਿਆ ਪੱਖੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ | ਹਰ ਰੋਜ਼ ਦਰਜਨਾਂ ਵਾਹਨ ਪੰਜਾਬ ਤੋਂ ਜੰਮੂ-ਕਸ਼ਮੀਰ ਅਤੇ ਜੰਮੂ-ਕਸ਼ਮੀਰ ਤੋਂ ਪੰਜਾਬ ਵੱਲ ਆਉਂਦੇਜਾਂਦੇ ਹਨ | ਪਿਛਲੇ ਕੁਝ ਦਿਨਾਂ ਤੋਂ ਕਠੂਆ ਜ਼ਿਲ੍ਹੇ ਵਿਚ ਸੰਦੇਹਜਨਕ ਗਤੀਵਿਧੀਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਹੋਰ ਵੀ ਸੁਚੇਤ ਹੋ ਗਈਆਂ ਹਨ | ਇਸ ਕਰਕੇ ਬਾਰਡਰ ਇਲਾਕਿਆਂ ਵਿਚ ਵੱਡੇ ਪੱਧਰ 'ਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਕੋਈ ਵੀ ਸੰਦੇਹਜਨਕ ਵਿਅਕਤੀ ਜਾਂ ਵਾਹਨ ਇਨ੍ਹਾਂ ਰਸਤਿਆਂ ਰਾਹੀਂ ਪੰਜਾਬ ਵਿਚ ਦਾਖ਼ਲ ਨਾ ਹੋ ਸਕੇ | ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਅਹਿਮ ਸਾਬਤ ਹੋ ਸਕਦਾ ਹੈ, ਕਿਉਂਕਿ ਅਕਸਰ ਅਸਮਾਜਿਕ ਤੱਤ ਨੈਸ਼ਨਲ ਹਾਈਵੇ ਦੀ ਸਖ਼ਤ ਚੈਕਿੰਗ ਤੋਂ ਬਚਣ ਲਈ ਅੰਦਰੂਨੀ ਅਤੇ ਵਿਕਲਪਕ ਰਸਤੇ ਵਰਤਦੇ ਹਨ | ਹੁਣ ਇਨ੍ਹਾਂ ਰਸਤਿਆਂ ਦੇ ਬੰਦ ਹੋਣ ਨਾਲ ਸੁਰੱਖਿਆ ਏਜੰਸੀਆਂ ਲਈ ਨਿਗਰਾਨੀ ਕਰਨਾ ਹੋਰ ਆਸਾਨ ਹੋ ਜਾਵੇਗਾ |
ਸਰਹੱਦੀ ਇਲਾਕਿਆਂ 'ਚ ਸੁਰੱਖਿਆ ਸਖ਼ਤ, ਪੰਜਾਬਜੰਮੂ ਕਸ਼ਮੀਰ ਦੇ ਬਦਲਵੇਂ ਰਸਤੇ ਬੰਦ
ਅਜੀਤ ਡੈਸਕ
10-03-2026