ਸੰਗਰੂਰ, 11 ਮਾਰਚ (ਧੀਰਜ ਪਸ਼ੋਰੀਆ) - ਸਿਟੀ ਪਾਰਕ, ਸੰਗਰੂਰ ਵਿਖੇ ਲੱਗਣ ਵਾਲੀ ਹਫ਼ਤਾਵਾਰੀ ਪਹਿਲ ਮੰਡੀ ਦੇ ਮੁੱਖ ਪ੍ਰਬੰਧਕ ਡਾ ਏ.ਐੱਸ.ਮਾਨ ਨੇ ਕਿਹਾ ਕਿ ਪਹਿਲ ਮੰਡੀ ਦੀ ਕਾਮਯਾਬੀ ਵਿੱਚ ਕਿਸਾਨ ਬੀਬੀਆਂ ਅਤੇ ਸੈੱਲਫ਼ ਹੈਲਪ ਗਰੁੱਪ ਵਾਲੀਆ ਬੀਬੀਆਂ ਦਾ ਅਹਿਮ ਯੋਗਦਾਨ ਹੈ | ਇਹ ਬੀਬੀਆਂ ਸਾਡੇ ਸਮਾਜ ਵਿਚ ਨੌਜਵਾਨੀ ਅਤੇ ਕਿਸਾਨੀ ਲਈ ਮਿਸਾਲ ਬਣ ਚੁੱਕੀਆਂ ਹਨ | ਪਹਿਲ ਮੰਡੀ ਨਾ ਸਿਰਫ਼ ਆਪਣੇ ਮਿਆਰੀ ਉਤਪਾਦਾਂ ਲਈ ਜਾਣੀ ਜਾਂਦੀ ਹੈ ਬਲਕਿ ਬੀਬੀਆਂ ਨੂੰ ਉੱਦਮੀ ਬਣਾਉਣ ਦਾ ਪਲੈਟਫਾਰਮ ਬਣ ਚੁੱਕੀ ਹੈ | ਬੀਬੀਆਂ ਨੂੰ ਇਸ ਮੰਡੀ ਨਾਲ ਜੁੜ ਕੇ ਜੋ ਤਰੱਕੀ ਅਤੇ ਪਹਿਚਾਣ ਮਿਲੀ ਹੈ ਉਸ ਉੱਪਰ ਸਾਨੂੰ ਹਮੇਸ਼ਾ ਮਾਨ ਮਹਿਸੂਸ ਹੁੰਦਾ ਰਹੇਗਾ | ਜੈਵਿਕ ਕਿਸਾਨ ਬੀਬੀ ਹਰਪ੍ਰੀਤ ਕੌਰ ਮਾਨਾਵਾਲਾ ਨੇ ਕਿਹਾ ਕਿ ਘਰ ਬੈਠ ਕੇ ਕੰਮ ਕਰਨ ਦਾ ਦਾਇਰਾ ਸੀਮਤ ਸੀ ਹੁਣ ਪਹਿਲ ਮੰਡੀ ਰਾਹੀਂ ਵੱਡੀਆਂ-ਵੱਡੀਆਂ ਪੁਲਾਂਘਾਂ ਪੁੱਟਣ ਦਾ ਮੌਕਾ ਮਿਲਿਆ ਹੈ, ਜਿਸ ਨਾਲ ਨਾ ਕੇਵਲ ਆਮਦਨੀ 'ਚ ਵਾਧਾ ਹੋਇਆ ਬਲਕਿ ਸਮਾਜ ਵਿੱਚ ਨਵੀਂ ਪਹਿਚਾਣ ਮਿਲੀ | ਵੱਖ-ਵੱਖ ਅਦਾਰਿਆਂ ਵੱਲੋਂ ਮਿਲੇ ਸਨਮਾਨ ਤੇ ਖ਼ੁਸ਼ੀ ਹੁੰਦੀ ਹੈ | ਸੰਦੀਪ ਕੌਰ ਬਾਲੀਆਂ ਨੇ ਕਿਹਾ ਇਸ ਪਹਿਲ ਮੰਡੀ ਵਿਚ ਸਾਨੂੰ ਕੰਮ ਕਰਨ ਦਾ ਮੌਕਾ ਮਿਲਣਾ ਸਾਡੀ ਖ਼ੁਸ਼ਨਸੀਬੀ ਹੈ | ਹੁਣ ਅਸੀਂ ਆਪਣੀਆਂ ਲੋੜਾਂ ਲਈ ਪਰਿਵਾਰ ਉੱਪਰ ਨਿਰਭਰ ਨਹੀਂ ਹਾਂ | ਜਸਪ੍ਰੀਤ ਕੌਰ ਨੇ ਕਿਹਾ ਕਿ ਹੁਣ ਅਸੀਂ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਾਂ | ਪਹਿਲ ਮੰਡੀ ਵਿਰਾਸਤ ਅਤੇ ਆਧੁਨਿਕਤਾ ਦਾ ਸੁਮੇਲ ਹੈ | ਸਾਨੂੰ ਆਤਮ ਨਿਰਭਰ ਬਣਾਉਣ ਚ ਅਹਿਮ ਯੋਗਦਾਨ ਦਿੱਤਾ ਹੈ | ਵੱਧ ਤੋਂ ਵੱਧ ਭੈਣਾਂ ਨੂੰ ਚਾਹੀਦਾ ਹੈ ਪਹਿਲ ਮੰਡੀ ਨਾਲ ਜੁੜਣ | ਕਰਮਜੀਤ ਕੌਰ ਘਾਬਦਾ ਨੇ ਕਿਹਾ ਮਹਿਲਾ ਦਾ ਦਿਵਸ ਕਦੇ ਮੈਂ ਅਖ਼ਬਾਰਾਂ ਵਿੱਚ ਹੀ ਪੜ੍ਹਦੀ ਸੀ ਪਹਿਲ ਮੰਡੀ ਦਾ ਮੈਂਬਰ ਬਣ ਕੇ ਪਤਾ ਲੱਗਿਆ ਵਿੱਤੀ ਆਤਮ-ਨਿਰਭਰਤਾ ਕੀ ਹੁੰਦੀ ਹੈ | ਡਾ. ਏ.ਐੱਸ. ਮਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦਾ ਇਹ ਉਪਰਾਲਾ ਇੱਕ ਮੀਲ ਪੱਥਰ ਬਣ ਚੁੱਕਾ ਹੈ | ਅਸੀਂ ਮਿਹਨਤਕਸ਼ ਅਤੇ ਇਮਾਨਦਾਰ ਖ਼ਾਸਕਰ ਬੀਬੀਆਂ ਨੂੰ ਪੂਰਨ ਸਹਿਯੋਗ ਦੇਣ ਲਈ ਵਚਨਬੱਧ ਹਾਂ | ਇਸ ਮੌਕੇ ਸ੍ਰੀ ਰਾਜਿੰਦਰ ਕੁਮਾਰ ਪੀ.ਡੀ.ਐੱਮ.ਓ. ਦਫ਼ਤਰ ਏ.ਡੀ.ਸੀ. (ਡੀ), ਦਰਸ਼ਨ ਸਿੰਘ ਪੇਧਨੀ ਕਲਾ, ਸੰਦੀਪ ਕੌਰ ਬਾਲੀਆਂ, ਗੁਰਤੇਜ ਸਿੰਘ ਤਲਵਾੜਾ, ਅਮਨ ਬੜਿੰਗ, ਜੋਲੀ ਧਾਲੀਵਾਲ, ਹਰਪ੍ਰੀਤ ਸਿੰਘ ਚਾਚਾ ਭਤੀਜਾ ਗੁੜ ਵਾਲੇ ਬੱਬਨਪੁਰ, ਸੰਦੀਪ ਕੌਰ ਬਾਲੀਆਂ, ਜਸਪ੍ਰੀਤ ਕੌਰ ਨੰਦਗੜ੍ਹ, ਕਰਮਜੀਤ ਕੌਰ ਘਾਬਦਾ, ਸੁਖਚੈਨ ਸਿੰਘ ਧਲੇਵਾ ਅਤੇ ਜਗਦੇਵ ਸਿੰਘ ਸਤੋਜ ਮੌਜੂਦ ਸਨ |