ਸੰਗਰੂਰ, 11 ਮਾਰਚ (ਅਮਨਦੀਪ ਸਿੰਘ ਬਿੱਟਾ) - ਬਾਜ਼ੀਗਰ (ਵਣਜਾਰਾ) ਸਮਾਜ ਸੰਘਰਸ਼ ਕਮੇਟੀ ਪੰਜਾਬ ਵਲੋਂ ਮਾਸਟਰ ਬਲਵਿੰਦਰ ਸਿੰਘ ਅਲੀਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਬਾਹਰ ਪ੍ਰਭਾਵਸ਼ਾਲੀ ਧਰਨਾ ਦਿੱਤਾ ਗਿਆ | ਤੜਕਸਾਰ ਤੋਂ ਹੀ ਬਾਜ਼ੀਗਰ, ਵਣਜਾਰਾ ਸਮਾਜ ਨਾਲ ਸਬੰਧਤ ਕਾਰਕੁੰਨ ਸੰਗਰੂਰ-ਪਟਿਆਲਾ ਬਾਈਪਾਸ ਹੇਠਾਂ ਇਕੱਤਰ ਹੋਣੇ ਸ਼ੁਰੂ ਹੋ ਗਏ ਜਿੱਥੋਂ ਬਾਅਦ ਦੁਪਹਿਰ ਉਹ ਮੁੱਖ ਮੰਤਰੀ ਨਿਵਾਸ ਵੱਲ ਵਧੇ ਪਰ ਪੁਲਿਸ ਫੋਰਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੰੂ ਰੋਕ ਲਿਆ ਅਤੇ ਬਾਜ਼ੀਗਰ ਸਮਾਜ ਨੇ ਉੱਥੇ ਮੁੱਖ ਸੜਕ ਉੱਤੇ ਹੀ ਧਰਨਾ ਆਰੰਭ ਕਰ ਦਿੱਤਾ | ਮਾਸਟਰ ਬਲਵਿੰਦਰ ਸਿੰਘ ਅਲੀਪੁਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੰੂ ਮੰਗ ਪੱਤਰ ਭੇਜਦਿਆਂ ਮੰਗ ਕੀਤੀ ਕਿ 15 ਸਤੰਬਰ 2022 ਨੰੂ ਜਾਰੀ ਕੀਤਾ ਪੱਤਰ ਰੱਦ ਕਰ ਕੇ 18 ਦਸੰਬਰ 2020 ਵਾਲਾ ਪੱਤਰ ਲਾਗੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜਦ ਤੋਂ ਭਾਰਤ ਆਜ਼ਾਦ ਹੋਇਆ ਹੈ, ਹੁਣ ਤੱਕ ਨਾ ਤਾ ਰਾਜ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨੇ ਉਨ੍ਹਾਂ ਨੰੂ ਬਣਦਾ ਹੱਕ ਦਿੱਤਾ ਹੈ | ਉਨ੍ਹਾਂ ਕਿਹਾ ਕਿ ਐਸ.ਟੀ. ਦਾ ਕੋਟਾ ਲਗਪਗ 10 ਫ਼ੀਸਦੀ ਬਣਦਾ ਹੈ ਪਰ ਉਨ੍ਹਾਂ ਨੰੂ ਐਸ.ਟੀ. ਕੋਟਾ ਦੇਣ ਦੀ ਬਜਾਏ ਉਨ੍ਹਾਂ ਨੰੂ ਬਾਜ਼ੀਗਰ ਅਤੇ ਵਿਮੁੱਕਤ ਕਬੀਲੇ ਵਜੋਂ ਲੰਗੜਾ ਕੋਟਾ ਦਿੱਤਾ ਜਾਂਦਾ ਹੈ | ਇਸ ਲਈ ਇਹ ਮਿਲਦੀ ਸਹੂਲਤ ਹਾਥੀ ਦੇ ਦੰਦਾ ਵਰਗੀ ਸਾਬਤ ਹੋ ਰਹੀ ਹੈ ਮੁੱਖ ਮੰਤਰੀ ਪੰਜਾਬ ਨੰੂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹੁਣ ਮੀਟਿੰਗ ਦੀ ਕੋਈ ਤਾਰੀਖ਼ ਨਹੀਂ ਚਾਹੀਦੀ ਕਿਉਂਕਿ ਉਹ ਵਾਰ ਵਾਰ ਮੀਟਿੰਗਾਂ ਦੌਰਾਨ ਬੇਇੱਜ਼ਤ ਕੀਤਾ ਜਾਂਦਾ ਹੈ ਉਨ੍ਹਾਂ ਇਹ ਵੀ ਮੰਗ ਕੀਤੀ ਕਿ 15 ਸਤੰਬਰ ਨੰੂ ਜਾਰੀ ਪੱਤਰ ਰੱਦ ਕਰ ਕੇ 18 ਸਤੰਬਰ ਨੰੂ ਜਾਰੀ ਪੱਤਰ ਜਾਰੀ ਕੀਤਾ ਜਾਵੇ | ਇਸ ਮੌਕੇ ਹਰਬੰਸ ਲਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਸੰਗਰੂਰ, ਨਿਸ਼ਾਲ ਸਿੰਘ ਜ਼ਿਲ੍ਹਾ ਪ੍ਰਧਾਨ, ਸੁਰਜੀਤ ਸਿੰਘ, ਜਗਦੀਸ਼, ਜੋਗਿੰਦਰ ਨਾਥ ਆਦਿ ਨੇ ਵੀ ਸੰਬੋਧਨ ਕੀਤਾ |