ਅਹਿਮਦਗੜ੍ਹ, 2 ਅਪ੍ਰੈਲ (ਰਵਿੰਦਰ ਪੁਰੀ)-ਸ਼ਹਿਰ ਅੰਦਰਲੇ ਗੰਦੇ ਪਾਣੀ ਦੀ ਨਿਕਾਸੀ ਦਾ ਪਹਿਲਾਂ ਤੋਂ ਹੀ ਮਾੜਾ ਪ੍ਰਬੰਧ ਹੁਣ ਪਿਛਲੇ ਪੰਜ ਦਿਨਾਂ ਤੋਂ ਮੁਕੰਮਲ ਤੌਰ 'ਤੇ ਫ਼ੇਲ੍ਹ ਹੋ ਗਿਆ ਹੈ | ਜਿਸ ਕਾਰਨ ਅੱਧੇ ਸ਼ਹਿਰ ਦੇ ਪੌਸ਼ ਏਰੀਏ ਵਿੱਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ 'ਤੇ ਖੜ੍ਹਾ ਹੈ, ਜਿੱਥੇ ਬਹੁਤ ਬਦਬੂ ਅਤੇ ਗੰਦਗੀ ਫੈਲ ਗਈ ਹੈ | ਸ਼ਹਿਰ ਦੇ ਕਈ ਮੁੱਖ ਰਸਤਿਆਂ ਜਿੱਥੇ ਆਮ ਲੋਕਾਂ ਦੀ ਬਹੁਤ ਆਵਾਜਾਈ ਹੈ ਜਿੱਥੇ ਪੈਦਲ ਰਸਤਾ ਵੀ ਬੰਦ ਹੈ ਅਤੇ ਬਹੁਤੇ ਘਰਾਂ ਦੇ ਦਰਵਾਜ਼ਿਆਂ ਅੱਗੇ ਵੀ ਗੰਦੇ ਪਾਣੀ ਦਾ ਭੰਡਾਰ ਪਿਛਲੇ ਕਈ ਦਿਨਾਂ ਤੋਂ ਜਮ੍ਹਾ ਹੋ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਦਹਿਲੀਜ਼ ਰੋਡ ਤੇ ਲੱਗੀ ਮੋਟਰ ਸੜ ਗਈ | ਜਿਸ ਦਾ ਨਗਰ ਕੌਂਸਲ ਪਾਸ ਕੋਈ ਵੀ ਬਦਲੇਵਾਂ ਪ੍ਰਬੰਧ ਨਹੀਂ ਹੈ ਨਾ ਹੀ ਕੋਈ ਅਜਿਹੀ ਐਮਰਜੈਂਸੀ ਮੌਕੇ ਅਲੱਗ ਮੋਟਰ ਰੱਖੀ ਗਈ ਹੈ ਅਤੇ ਨਾ ਹੀ ਕੋਈ ਵੱਡਾ ਮਡ ਪੰਪ ਹੈ | ਕਾਰਜ ਸਾਧਕ ਅਫ਼ਸਰ ਤੇ ਨਗਰ ਕੌਂਸਲ ਪ੍ਰਧਾਨ ਇਸ ਦਾ ਕੋਈ ਤੁਰੰਤ ਹੱਲ ਲੱਭਣ ਵਿੱਚ ਅਸਮਰਥ ਜਾਪਦੇ ਹਨ | ਹੁਣ ਨਗਰ ਕੌਂਸਲ ਵੱਲੋਂ ਛੋਟੇ ਮਡ ਪੰਪ ਤੇ ਟੈਂਕਰ ਨਾਲ ਪਾਣੀ ਕੱਢਿਆ ਜਾ ਰਿਹਾ ਹੈ ਪਰ ਸ਼ਹਿਰ ਅੰਦਰ ਪੰਜ ਵਾਟਰ ਸਪਲਾਈ ਵਾਲੀਆਂ ਮੋਟਰਾਂ ਅਤੇ ਹਜ਼ਾਰਾਂ ਲੱਗੇ ਸਬਮਰਸੀਬਲ ਪੰਪਾਂ ਦੀ ਸਪਲਾਈ ਕਾਰਨ ਗੰਦਾ ਪਾਣੀ ਰੋਜ਼ਾਨਾ ਬਹੁਤ ਮਾਤਰਾ 'ਚ ਨਿਕਲਦਾ ਹੈ ਜਿਸ ਦੀ ਨਿਕਾਸੀ ਲਈ ਕੋਈ ਯੋਗ ਪ੍ਰਬੰਧ ਨਹੀਂ ਹੈ | ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨਾਲ ਜਦੋਂ ਇਸੇ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਨਗਰ ਕੌਂਸਲ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਫ਼ੰਡ ਦਿੱਤੇ ਹਨ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 35 ਏਕੜ ਜ਼ਮੀਨ ਵੀ ਨਗਰ ਕੌਂਸਲ ਪਾਸ ਹੈ ਜੇਕਰ ਨਗਰ ਕੌਂਸਲ ਪੰਜ ਸਾਲਾਂ 'ਚ ਇੱਕ ਹੋਰ ਮੋਟਰ ਵੀ ਨਹੀਂ ਖ਼ਰੀਦ ਸਕੀ ਤਾਂ ਫਿਰ ਕਸੂਰਵਾਰ ਕੌਣ ਹੈ | ਉਨ੍ਹਾਂ ਸੀਵਰੇਜ ਟਰੀਟਮੈਂਟ ਪਲਾਂਟ ਬਾਰੇ ਵੀ ਅਹਿਮ ਖ਼ੁਲਾਸਾ ਕੀਤਾ ਕਿ ਮੈਂ ਟਰੀਟਮੈਂਟ ਪਲਾਂਟ ਨੂੰ ਚਾਲੂ ਕਰਵਾਉਣ 'ਚ ਸਾਰਾ ਜੋਰ ਲਗਾ ਦਿੱਤਾ ਜੋ ਪਿਛਲੇ ਪੰਜ ਮਹੀਨੇ ਪਹਿਲਾਂ ਪੂਰੀ ਤਰ੍ਹਾਂ ਚਾਲੂ ਹਾਲਤ 'ਚ ਆ ਗਿਆ ਸੀ | ਪਰ ਨਿਕਾਸੀ ਵਾਲੀਆਂ ਪੁਰਾਣੀਆਂ ਪਾਈਪਾਂ ਕਾਰਨ ਜਿਸ ਸਬੰਧੀ ਸੀਵਰੇਜ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਵੱਡੀ ਅਣਗਹਿਲੀ ਵਰਤੀ ਗਈ ਜਿਨਾਂ ਦੀ ਜਾਣਕਾਰੀ ਮੈਨੂੰ ਨਹੀਂ ਦਿੱਤੀ ਗਈ ਸੀ ਜੋ ਮੌਕੇ ਤੇ ਫ਼ੇਲ੍ਹ ਸਾਬਤ ਹੋ ਗਈਆਂ | ਉਨ੍ਹਾਂ ਦੱਸਿਆਂ ਕਿ ਹੁਣ ਸੀਵਰੇਜ ਵਿਭਾਗ ਨੇ ਟਰੀਟਮੈਂਟ ਪਲਾਂਟ ਤੋਂ ਵੀ ਕਈ ਗੁਣਾ ਵੱਡਾ ਡਰੇਨ ਬਣਾਉਣ ਦਾ ਪ੍ਰੋਜੈਕਟ ਬਣਾ ਦਿੱਤਾ ਹੈ ਹੈ ਜਿਸ ਸਬੰਧੀ ਜਲਦ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰ ਕੇ ਫ਼ੰਡ ਵੀ ਲਿਆਵਾਂਗਾ ਅਤੇ ਨਾਲ ਹੀ ਅਣਗਹਿਲੀ ਕਰਨ ਵਾਲੇ ਸਾਰੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਵੀ ਹੋਵੇਗੀ | ਪਰ ਉਸ ਦੇ ਨਾਲ ਹੀ ਬਰਸਾਤਾਂ 'ਚ ਆਰਜ਼ੀ ਤੌਰ 'ਤੇ ਪਲਾਂਟ ਨੂੰ ਚਾਲੂ ਕਰਵਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ |