ਮਲੇਰਕੋਟਲਾ, 6 ਅਪ੍ਰੈਲ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਮਲੇਰਕੋਟਲਾ ਵਿਖੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਦੇ ਸਰਕਾਰੀ ਡੀਪੂ ਦਾ ਅਚਾਨਕ ਦੌਰਾ ਕਰ ਕੇ ਬੱਚਿਆਂ ਲਈ ਤਿਆਰ ਕੀਤੇ ਜਾ ਰਹੇ ਮਿਡ ਡੇ ਮੀਲ ਦੀ ਗੁਣਵੱਤਾ, ਪੈਕਿੰਗ ਵਾਲੇ ਭੋਜਨ ਪਦਾਰਥਾਂ ਦੀ ਮਿਆਦ, ਪੀਣ ਵਾਲੇ ਪਾਣੀ ਦੀ ਸੁਵਿਧਾ ਅਤੇ ਸਫ਼ਾਈ ਪ੍ਰਬੰਧਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ | ਉਨ੍ਹਾਂ ਕਿਹਾ ਕਿ ਅਨਾਜ ਨੂੰ ਲੰਮੇ ਸਮੇਂ ਤੱਕ ਸਟੋਰ ਨਾ ਕੀਤਾ ਜਾਵੇ ਤੇ ਸਮੇਂ ਸਮੇਂ ਤੇ ਉਸ ਨੂੰ ਧੁੱਪ ਅਤੇ ਹਵਾ ਲਗਾਈ ਜਾਵੇ ਤਾਂ ਜੋ ਅਨਾਜ ਨੂੰ ਸਿਓਾਕ ਲੱਗਣ ਤੋਂ ਬਚਾਇਆ ਜਾ ਸਕੇ | ਮੈਂਬਰ ਫੂਡ ਕਮਿਸ਼ਨ ਨੇ ਬੱਚਿਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਭੋਜਨ ਉੱਤੇ ਸੰਤੁਸ਼ਟੀ ਪ੍ਰਗਟਾਈ ਤੇ ਨਾਲ ਹੀ ਸਬੰਧਿਤ ਸਟਾਫ਼ ਨੂੰ ਰਸੋਈ ਤੇ ਭੋਜਨ ਤਿਆਰ ਕਰਨ ਵਾਲੀ ਥਾਂ ਨੂੰ ਹੋਰ ਸਾਫ਼ ਸੁਥਰਾ ਰੱਖਣ ਦੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਖਾਣ ਪਦਾਰਥ ਤਿਆਰ ਕਰਨ ਤੋਂ ਪਹਿਲਾਂ ਰਾਸ਼ਨ ਦੀ ਠੀਕ ਤਰ੍ਹਾਂ ਸਫ਼ਾਈ ਅਤੇ ਜਾਂਚ ਯਕੀਨੀ ਬਣਾਈ ਜਾਵੇ ਤੇ ਉਸ ਦੀ ਸਟੋਰੇਜ ਸੁਰੱਖਿਅਤ ਢੰਗ ਨਾਲ ਕੀਤੀ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਨੁਕਸਾਨਦਾਇਕ ਸਥਿਤੀ ਤੋਂ ਬਚਿਆ ਜਾ ਸਕੇ | ਉਨ੍ਹਾਂ ਨੇ ਮਿਡ ਡੇ ਮੀਲ ਦੇ ਸਮਾਨ ਦੀ ਮਿਆਦ, ਸਟਾਕ ਰਜਿਸਟਰੇਸ਼ਨ ਤੇ ਰਸੋਈ ਘਰ ਦੀ ਸਥਿਤੀ ਦਾ ਵੀ ਨਿਰੀਖਣ ਕੀਤਾ | ਖਾਣਾ ਤਿਆਰ ਕਰਨ ਵਾਲੇ ਕਰਮਚਾਰੀਆਂ ਨੂੰ ਸਫ਼ਾਈ ਮਿਆਰਾਂ ਦੀ ਪਾਲਣਾ ਕਰਦੇ ਹੋਏ ਸਿਰ ਢੱਕਣ ਅਤੇ ਦਸਤਾਨੇ ਵਰਤਣ ਦੀ ਹਦਾਇਤ ਦਿੱਤੀ ਗਈ | ਉਨ੍ਹਾਂ ਨੇ ਸਕੂਲਾਂ ਤੇ ਸੈਂਟਰਾਂ ਵਿੱਚ ਹਰਬਲ ਗਾਰਡਨ ਤਿਆਰ ਕਰਨ 'ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਧਨੀਆ, ਪੁਦੀਨਾ, ਮੂਲੀ, ਸ਼ਲਗਮ ਅਤੇ ਹੋਰ ਮੌਸਮੀ ਸਬਜ਼ੀਆਂ ਉਗਾ ਕੇ ਬੱਚਿਆਂ ਦੇ ਭੋਜਨ ਵਿੱਚ ਪੋਸ਼ਣ ਵਧਾਇਆ ਜਾ ਸਕੇ | ਉਨ੍ਹਾਂ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਹਦਾਇਤ ਦਿੱਤੀ ਕਿ ਹਰ ਖਪਤਕਾਰ ਦੇ ਸਮਾਰਟ ਰਾਸ਼ਨ ਕਾਰਡ ਦੀ ਈ-ਕੇ.ਵਾਈ.ਸੀ ਯਕੀਨੀ ਬਣਾਈ ਜਾਵੇ ਤਾਂ ਜੋ ਲੋੜਵੰਦਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ | ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਨੂੰ ਆਰ.ਓ. ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਆਰ.ਓਜ਼ ਦਾ ਟੀ.ਡੀ.ਐੱਸ ਚੈੱਕ ਕਰਵਾਉਣ ਲਈ ਕਿਹਾ, ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਪੀਣ ਵਾਲਾ ਪਾਣੀ ਉਪਲਬਧ ਹੋ ਸਕੇ | ਉਨ੍ਹਾਂ ਸਪਸ਼ਟ ਕੀਤਾ ਕਿ ਆਂਗਣਵਾੜੀ ਸੈਂਟਰਾਂ ਅਤੇ ਸਕੂਲਾਂ ਵਿੱਚ ਖ਼ੁਰਾਕ ਦੀ ਸਪਲਾਈ ਜਾਂ ਸੰਭਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਐੱਸ.ਡੀ.ਐਮ ਹਰਬੰਸ ਸਿੰਘ, ਸੀ.ਡੀ.ਪੀ.ਓ ਮਲੇਰਕੋਟਲਾ ਪਵਨ ਕੁਮਾਰ, ਸੀ.ਡੀ.ਪੀ.ਓ ਅਹਿਮਦਗੜ੍ਹ ਪੂਰਨ ਪੰਕਜ ਸ਼ਰਮਾ, ਸਹਾਇਕ ਖ਼ੁਰਾਕ ਤੇ ਸਪਲਾਈ ਅਫ਼ਸਰ ਰਾਜਨ ਗੁਪਤਾ, ਇੰਸਪੈਕਟਰ ਖ਼ੁਰਾਕ ਸਪਲਾਈ ਮਨੋਜ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |