ਸ਼ੇਰਪੁਰ, 7 ਅਪ੍ਰੈਲ (ਮੇਘ ਰਾਜ ਜੋਸ਼ੀ)-ਸਰਹੰਦ ਤੋਂ ਸਹਿਣਾ ਨੈਸ਼ਨਲ ਹਾਈਵੇ ਨਾਲ ਸੰਬੰਧਿਤ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਦੇ ਕਿਸਾਨਾਂ ਦਾ ਵਫ਼ਦ ਪ੍ਰਧਾਨ ਬੂਟਾ ਸਿੰਘ ਚਹਿਲ ਗੋਬਿੰਦਪੁਰਾ ਦੀ ਅਗਵਾਈ ਹੇਠ ਡੀ.ਆਰ.ਓ ਸੰਗਰੂਰ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਨੈਸ਼ਨਲ ਹਾਈਵੇ ਦਾ ਕੰਮ ਰੁਕਿਆ ਹੋਇਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫ਼ਰਦਾਂ 'ਤੇ ਲੱਗੇ ਨੋਟ ਕਰ ਕੇ ਉਹ ਆਪਣੀ ਜ਼ਮੀਨ ਨਾ ਵੇਚ ਸਕਦੇ ਹਨ ਅਤੇ ਨਾ ਹੀ ਉਸ 'ਤੇ ਲੋਨ ਜਾਂ ਹੋਰ ਵਿੱਤੀ ਸਹੂਲਤਾਂ ਲੈ ਸਕਦੇ ਹਨ | ਇਸ ਸਥਿਤੀ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਜਿਹੜੇ ਖ਼ਸਰਾ ਨੰਬਰ ਨੈਸ਼ਨਲ ਹਾਈਵੇ ਵਿਚ ਸ਼ਾਮਿਲ ਹਨ, ਉਨ੍ਹਾਂ ਤੋਂ ਇਲਾਵਾ ਬਾਕੀ ਨੰਬਰਾਂ ਦੀਆਂ ਫ਼ਰਦ ਜਮ੍ਹਾਬੰਦੀਆਂ ਵਿਚੋਂ ਤੁਰੰਤ ਨੋਟ ਹਟਾਏ ਜਾਣ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ | ਇਸ ਮੌਕੇ ਕਿਸਾਨ ਆਗੂ ਅਵਤਾਰ ਸਿੰਘ ਭਗਵਾਨਪੁਰਾ, ਗੁਰਦੇਵ ਸਿੰਘ ਭਗਵਾਨਪੁਰਾ, ਸੁਖਦੇਵ ਸਿੰਘ ਗੋਬਿੰਦਪੁਰਾ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ |