ਮੂਨਕ, 9 ਅਪ੍ਰੈਲ (ਵਰਿੰਦਰ ਭਾਰਦਵਾਜ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਰਤਾਜ ਸਿੰਘ ਚਹਿਲ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ 'ਚ ਯੋਗਦਾਨ ਪਾਉਂਦਿਆਂ ਡੀ.ਐੱਸ.ਪੀ. ਮੂਨਕ ਜਸਕਰਨ ਸਿੰਘ ਬਰਾੜ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਥਾਣਾ ਮੁਖੀ ਮੂਨਕ ਗੁਰਮੀਤ ਸਿੰਘ ਦੀ ਯੋਗ ਅਗਵਾਈ ਹੇਠ ਪੁਲਿਸ ਵੱਲੋਂ ਗਸ਼ਤ ਦੌਰਾਨ ਤਿੰਨ ਮੁਲਜ਼ਮਾਂ ਨੂੰ ਅੱਠ ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ | ਡੀ.ਐੱਸ.ਪੀ. ਜਸਕਰਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਅਨਾਜ ਮੰਡੀ ਮੂਨਕ ਕੋਲ ਗਸ਼ਤ ਕਰ ਰਹੇ ਸਨ | ਪੁਲਿਸ ਪਾਰਟੀ ਨੇ ਤਿੰਨ ਨੌਜਵਾਨਾਂ ਨੂੰ ਅਨਾਜ ਮੰਡੀ 'ਚ ਸ਼ੱਕੀ ਹਾਲਤ ਵਿੱਚ ਬੈਠੇ ਦੇਖਿਆ ਤਾਂ ਉਹ ਪੁਲਿਸ ਪਾਰਟੀ ਨੂੰ ਵੇਖ ਕੇ ਹੱਥ ਵਿੱਚ ਫੜਿਆ ਲਿਫ਼ਾਫ਼ਾ ਸਿੱਟ ਕੇ ਭੱਜਣ ਲੱਗੇ | ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਮੁਸਤੈਦੀ ਨਾਲ ਕਾਬੂ ਕਰਕੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਲਿਫ਼ਾਫ਼ੇ ਵਿਚੋਂ ਅੱਠ ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ | ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਸੰਦੀਪ ਸਿੰਘ ਉਰਫ਼ ਸ਼ਿਵਜੀ, ਸੰਜੇ ਕੁਮਾਰ ਉਰਫ਼ ਸੰਜੂ ਦੋਵੇਂ ਵਾਸੀ ਮੂਨਕ ਅਤੇ ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਮਾਨਿਆਣਾ ਵਜੋਂ ਹੋਈ ਹੈ | ਮੂਨਕ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਨਸ਼ਾ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |