ਮਲੇਰਕੋਟਲਾ, 9 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਵਿੱਚ ਸੇਹਕੇ ਕਾਲਜ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰਦਿਆਂ ਚੰਗਾ ਨਤੀਜਾ ਹਾਸਿਲ ਕੀਤਾ | ਜ਼ਿਲ੍ਹਾ ਮਲੇਰਕੋਟਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਆਫ਼ ਐਜੂਕੇਸ਼ਨ ਸੇਹਕੇ ਦੇ ਬੀ.ਐੱਡ. ਭਾਗ ਦੂਜਾ ਦੇ 35 ਵਿਦਿਆਰਥੀਆਂ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਕਾਲਜ ਦੀ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਲਈ ਸੰਸਥਾ ਵਿੱਚ ਹੀ ਯੋਗ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਬਾਹਰ ਤੋਂ ਮਹਿੰਗੀਆਂ ਕੋਚਿੰਗ ਕਲਾਸਾਂ 'ਤੇ ਪੈਸਾ ਨਾ ਖ਼ਰਚ ਕਰਨਾ ਪਵੇ | ਗੱਲਬਾਤ ਕਰਦਿਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਦਾ ਪ੍ਰਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਸ ਕਾਬਲ ਬਣਾਉਣਾ ਹੈ ਕਿ ਉਹ ਭਵਿੱਖ ਵਿੱਚ ਆਪਣੇ ਪੈਰਾਂ 'ਤੇ ਖੜੇ ਹੋ ਜਾਣ ਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ | ਜਿਸ ਦਾ ਨਤੀਜਾ ਸਾਨੂੰ ਅੱਜ ਦੇਖਣ ਲਈ ਮਿਲਿਆ ਹੈ | ਸੰਸਥਾ ਦੇ ਚੇਅਰਮੈਨ ਜਥੇਦਾਰ ਹਰਦੇਵ ਸਿੰਘ ਸੇਹਕੇ ਤੇ ਆਨਰੇਰੀ ਡਾਇਰੈਕਟਰ ਡਾ. ਧਰਮ ਚੰਦ ਵਾਤਿਸ਼ ਨੇ ਵੀ ਸਫਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ | ਇਹ ਵਿੱਦਿਅਕ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਅੰਦਰ ਸਫਲਤਾ ਦੇ ਝੰਡੇ ਗੱਡ ਰਹੀ ਹੈ | ਇਸ ਮੌਕੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਸਾਹਿਬਾਨ ਹਾਜ਼ਰ ਸਨ |