ਦਿੜ੍ਹਬਾ ਮੰਡੀ, 10 ਅਪ੍ਰੈਲ (ਜਸਵੀਰ ਸਿੰਘ ਅÏਜਲਾ) - ਕਿਸਾਨ ਪੁੱਤਾਂ ਵਾਂਗ ਆਪਣੀਆਂ ਫ਼ਸਲਾਂ ਨੂੰ ਪਾਲ ਪਲੋਸ ਕੇ ਕੁਦਰਤੀ ਆਫ਼ਤਾਂ ਤੋਂ ਬਚਾ ਕੇ ਮੰਡੀਆਂ ਵਿਚ ਲਿਆਉਂਦਾ ਹੈ ਪਰ ਲੋਕਲ ਪ੍ਰਸ਼ਾਸਨ ਅਤੇ ਆਮ ਲੋਕਾਂ ਦੀਆਂ ਅਣਗਹਿਲੀਆਂ ਦਾ ਸਾਹਮਣਾ ਕਿਸਾਨ ਨੂੰ ਕਰਨਾ ਪੈਂਦਾ ਹੈ ਅਜਿਹਾ ਹੀ ਮਾਰਕੀਟ ਕਮੇਟੀ ਸੂਲਰ ਘਰਾਟ ਅਧੀਨ ਆਉਂਦੀ ਛਾਹੜ ਦੀ ਅਨਾਜ ਮੰਡੀ ਵਿਖੇ ਵੇਖਿਆ ਗਿਆ ਕਿ ਕਣਕ ਦੀ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ ਪਰ ਅਜੇ ਤੱਕ ਅਨਾਜ ਮੰਡੀ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਹੋਈ ਤੇ ਸਿਰਫ਼ ਖਾਣਾ ਪੂਰਤੀ ਕੀਤੀ ਗਈ ਹੈ, ਤੇ ਕਿਸਾਨਾਂ ਵਲੋਂ ਆਪ ਝਾੜੂ ਨਾਲ ਸਫ਼ਾਈ ਕੀਤੀ ਜਾ ਰਹੀ ਹੈ ਕੁੱਝ ਲੋਕਾਂ ਵਲੋਂ ਖੁੱਲੇ੍ਹ ਵਿਚ ਸੁੱਟੇ ਕੁੜੇ ਕਰਕਟ ਦੇ ਜਗ੍ਹਾ-ਜਗ੍ਹਾ ਤੇ ਵੱਡੇ ਵੱਡੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਅਨਾਜ ਮੰਡੀ ਵਿਚ ਬਣੇ ਬਾਥਰੂਮ ਗੰਦਗੀ ਨਾਲ ਭਰੇ ਹੋਏ ਹਨ ਤੇ ਉਨ੍ਹਾਂ ਤੇ ਦਰਵਾਜ਼ੇ ਵੀ ਨਹੀ ਲੱਗੇ ਹੋਏ ਹਨ, ਤੇ ਮੰਡੀ ਵਿਚ ਜੋ ਲਾਈਟਾਂ ਚਲਾਉਣ ਦਾ ਤੇ ਪਾਣੀ ਦਾ ਵੀ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਛਾਹੜ ਨੇ ਕਿਹਾ ਪੰਜਾਬ ਮੰਡੀ ਬੋਰਡ ਵਲੋਂ ਮੰਡੀਆਂ ਵਿਚ ਵਿਕਣ ਆਉਂਦੀਆਂ ਜਿਣਸਾਂ 'ਤੇ ਵਸੂਲੀ ਜਾਂਦੀ ਆਰਡੀਐੱਫ ਅਤੇ ਮਾਰਕੀਟ ਫ਼ੀਸ ਦੀ ਵਸੂਲੀ ਕਰੋੜਾਂ ਰੁਪਏ ਵਿਚ ਹੁੰਦੀ ਹੈ, ਪਰ ਪੰਜਾਬ ਮੰਡੀ ਬੋਰਡ ਅਨਾਜ ਮੰਡੀਆਂ ਦੇ ਵਿਕਾਸ ਪ੍ਰਤੀ ਸੰਜੀਦਾ ਨਹੀਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ਵਿਚ ਪਹਿਲੀ ਅਪੈ੍ਰਲ ਤੋਂ ਕਣਕ ਦੀ ਖ਼ਰੀਦ ਦੇ ਢੁਕਵੇਂ ਪ੍ਰਬੰਧ ਅਤੇ ਕਿਸਾਨਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਛਾਹੜ ਦੀ ਅਨਾਜ ਮੰਡੀ ਵਿਚ ਹਾਲਾਤ ਇਸ ਤੋਂ ਉਲਟ ਦਿਖਾਈ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਅਨਾਜ ਮੰਡੀ ਵਿਚ ਸਫ਼ਾਈ ਦੇ ਪ੍ਰਬੰਧਾਂ, ਪੀਣ ਵਾਲੇ ਪਾਣੀ, ਕਿਸਾਨਾਂ ਦੇ ਬੈਠਣ ਲਈ ਛਾਂਦਾਰ ਜਗ੍ਹਾ, ਬਾਥਰੂਮਾਂ ਤੇ ਹੋਰ ਬਹੁਤ ਸਾਰੇ ਪ੍ਰਬੰਧਾਂ ਦੀ ਘਾਟ ਹੈ | ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ ਨਾਲ ਫ਼ੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਡੀਆਂ ਦੀ ਜਲਦ ਸਾਫ਼ ਸਫ਼ਾਈ ਕਰਵਾਈ ਜਾ ਰਹੀ ਹੈ | ਜਿੱਥੇ ਕਿਤੇ ਰਹਿ ਗਈ ਹੈ ਉੱਥੇ ਵੀ ਜਲਦ ਕਰਵਾ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ | ਇਸ ਮੌਕੇ 'ਤੇ ਕਰਮਜੀਤ ਸਿੰਘ, ਤਰਸੇਮ ਸਿੰਘ, ਬਲਵੀਰ ਸਿੰਘ, ਮਿਠੂ ਸਿੰਘ, ਸੁਖਵਿੰਦਰ ਸਿੰਘ, ਗੂਰਾ ਸਿੰਘ, ਜਸਵਿੰਦਰ ਸਿੰਘ, ਮੁਖਤਿਆਰ ਸਿੰਘ, ਬੇਅੰਤ ਸਿੰਘ, ਪ੍ਰਗਟ ਸਿੰਘ, ਹਮੀਰ ਸਿੰਘ ਆਦਿ ਕਿਸਾਨ ਮੌਜੂਦ ਸਨ |