ਅਮਰਗੜ੍ਹ, 13 ਅਪ੍ਰੈਲ (ਜਤਿੰਦਰ ਮੰਨਵੀ) - ਪੰਜਾਬ 'ਚ ਹੋਈ ਬੇਮੌਸਮੀ ਗੜੇਮਾਰੀ ਅਤੇ ਤੇਜ਼ ਹਨ੍ਹੇਰੀ ਕਾਰਨ ਕਣਕ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਨਾਰੀਕੇ ਨੇ ਸਰਕਾਰ ਤੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ | ਪ੍ਰਧਾਨ ਨਾਰੀਕੇ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਕਿਸਾਨ ਆਪਣੀ ਪੱਕੀ ਹੋਈ ਫ਼ਸਲ ਦੀ ਵਢਾਈ ਦੀਆਂ ਤਿਆਰੀਆਂ ਕਰ ਰਿਹਾ ਸੀ, ਤਾਂ ਕੁਦਰਤ ਦੀ ਮਾਰ ਨੇ ਉਸ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ | ਪੰਜਾਬ ਦਾ ਕਿਸਾਨ ਪਹਿਲਾਂ ਹੀ ਖੇਤੀ ਦੀਆਂ ਵਧਦੀਆਂ ਲਾਗਤਾਂ ਅਤੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ, ਅਜਿਹੀ ਸਥਿਤੀ 'ਚ ਫ਼ਸਲ ਦਾ ਨੁਕਸਾਨ ਹੋਣਾ ਕਿਸਾਨੀ ਲਈ ਇੱਕ ਵੱਡਾ ਆਰਥਿਕ ਝਟਕਾ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਫ਼ਸਲ ਦੇ ਮੌਜੂਦਾ ਰੇਟ ਮੁਤਾਬਕ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ | ਜੇਕਰ ਸਰਕਾਰ ਨੇ ਤੁਰੰਤ ਮਦਦ ਨਾ ਕੀਤੀ, ਤਾਂ ਸੂਬੇ ਦਾ ਅੰਨਦਾਤਾ ਹੋਰ ਗੰਭੀਰ ਸੰਕਟ 'ਚ ਫਸ ਜਾਵੇਗਾ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਸਮੁੱਚੀ ਆਰਥਿਕਤਾ ਤੇ ਪਵੇਗਾ | ਕਿਸਾਨਾਂ ਨੂੰ ਇਸ ਮੁਸ਼ਕਲ ਘੜੀ 'ਚੋਂ ਕੱਢਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ |