ਲਹਿਰਾਗਾਗਾ, 13 ਅਪ੍ਰੈਲ (ਅਸ਼ੋਕ ਗਰਗ)-ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਦੇ ਸੂਬਾ ਆਗੂ ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ ਦੀ ਅਗਵਾਈ ਹੇਠ ਐੱਸ.ਡੀ.ਐੱਮ. ਦਫ਼ਤਰ ਲਹਿਰਾਗਾਗਾ ਵਿਖੇ ਕਿਸਾਨ ਮਰਦ, ਅÏਰਤਾਂ ਅਤੇ ਮਜ਼ਦੂਰਾਂ ਦਾ ਇਕੱਠ ਹੋਇਆ | ਸਰਕਾਰ ਦੀਆਂ ਕਣਕ ਦੀ ਖ਼ਰੀਦ ਨੂੰ ਲੈ ਕੇ ਮਾੜੀਆਂ ਨੀਤੀਆਂ ਖ਼ਿਲਾਫ਼ ਪੰਜਾਬ ਅਤੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਕੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਸਮੁੱਚੇ ਪੰਜਾਬ ਅੰਦਰ ਕਣਕ ਦੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ | ਕਿਸਾਨ ਆਗੂ ਸੂਬਾ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਨੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਵਾਅਦੇ ਕਰ ਰਹੀ ਹੈ ਪਰ ਅਸਲ 'ਚ ਦਿ੍ਸ਼ ਇਹ ਹੈ ਕਿ ਅੱਜ 13 ਅਪ੍ਰੈਲ ਹੋ ਚੁੱਕੀ ਹੈ | ਪਿਛਲੇ 8,10 ਦਿਨਾਂ ਤੋਂ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਰਾਤਾਂ ਮੰਡੀਆਂ ਵਿੱਚ ਕੱਟਣ ਲਈ ਮਜਬੂਰ ਹਨ | ਅੱਜ ਤੱਕ ਇੱਕ ਵੀ ਢੇਰੀ ਦੀ ਸਰਕਾਰੀ ਖ਼ਰੀਦ ਨਹੀਂ ਹੋਈ ਹੈ | ਮੰਡੀਆਂ ਵਿੱਚ ਨਾਂ ਸਰਕਾਰੀ ਖ਼ਰੀਦ ਹੈ ਨਾਂ ਬਾਰਦਾਨਾ ਹੈ ਤੇ ਨਾਂ ਹੀ ਮੰਡੀਆਂ ਵਿੱਚ ਸਾਫ਼ ਸਫ਼ਾਈ ਦੇ ਪ੍ਰਬੰਧ ਮੁਕੰਮਲ ਹੋਏ ਹਨ, ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈ, ਨਾ ਹੀ ਕੋਈ ਬਾਥਰੂਮ | ਇਸ ਦੇ ਬਾਵਜੂਦ ਮੰਡੀਆਂ ਵਿੱਚ ਕਣਕ ਦੇ ਵੱਡੇ -ਵੱਡੇ ਅੰਬਾਰ ਨਜ਼ਰ ਆ ਰਹੇ ਹਨ ਤੇ ਮੰਡੀਆਂ ਨੱਕੋਂ ਨੱਕ ਭਰ ਗਈਆਂ ਹਨ | ਪਿਛਲੀ ਰਾਤ ਹੋਈ ਬਾਰਸ਼ ਮੌਕੇ ਮੰਡੀਆਂ ਵਿੱਚ ਕਣਕ ਦੀਆਂ ਢੇਰੀਆਂ ਨੂੰ ਮੀਂਹ ਦੇ ਪਾਣੀ ਤੋਂ ਢੱਕਣ ਦਾ ਤਰਪਾਲਾਂ ਬਗੈਰ ਦਾ ਕੋਈ ਪ੍ਰਬੰਧ ਨਹੀਂ ਹੈ | ਪਹਿਲਾਂ ਪੰਜਾਬ ਸਰਕਾਰ ਨੇ ਆੜ੍ਹਤੀਆਂ ਨਾਲ ਰਾਬਤਾ ਨਹੀਂ ਰੱਖਿਆ, ਹੁਣ ਖ਼ਰੀਦ ਇੰਸਪੈਕਟਰਾਂ ਦੀ ਹੜਤਾਲ ਜਾਰੀ ਹੈ ਇਸ ਤੋਂ ਬਾਅਦ ਲੇਬਰ ਤੇ ਟਰੱਕ ਓਪਰੇਟਰ ਹੜਤਾਲ 'ਤੇ ਜਾ ਸਕਦੇ ਹਨ | ਇਹ ਸਾਰੀਆਂ ਘਾਟਾਂ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਹੀ ਵਾਪਰ ਰਹੀਆਂ ਹਨ | ਇੱਕ ਸਰਕਾਰੀ ਲਾਪਰਵਾਹੀਆਂ ਦੂਜੇ ਪਾਸੇ ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ | ਜਿਸ ਕਾਰਨ ਕਿਸਾਨ ਦੂਹਰੀ ਮਾਰ ਝੱਲ ਰਹੇ ਹਨ | ਕਿਸਾਨ ਆਗੂਆਂ ਨੇ ਸਰਕਾਰ ਦੇ ਮਾੜੇ ਪ੍ਰਬੰਧਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਅਤੇ ਰੋਸ ਵਜੋਂ ਦੋਵੇਂ ਸਰਕਾਰਾਂ ਦੀ ਅਰਥੀ ਸਾੜੀ | ਉਨ੍ਹਾਂ ਕਿਹਾ ਕਿ ਪਹਿਲਾਂ ਬੇਮੌਸਮੀ ਬਰਸਾਤ ਦੀ ਮਾਰ, ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ 26 ਰਾਜਾਂ ਵਿਚ ਖ਼ਰੀਦ ਏਜੰਸੀਆਂ ਨੂੰ ਰੋਕਿਆ ਹੋਇਆ ਹੈ | ਹੁਣ ਪੰਜਾਬ ਵਿੱਚ ਕਣਕ ਦੀ ਖ਼ਰੀਦ ਕਰਨ ਤੋਂ ਏਜੰਸੀਆਂ ਨੂੰ ਰੋਕ ਦਿੱਤਾ ਗਿਆ ਹੈ | ਕੇਂਦਰ ਸਰਕਾਰ ਨੇ ਪੰਜਾਬ ਵਿੱਚ ਪਰਸੋਂ ਤੋਂ ਕੇਂਦਰ ਦੀ ਨੌ-ਮੈਂਬਰੀ ਟੀਮ ਭੇਜੀ ਹੋਈ ਹੈ | ਇਸ ਦਾ ਕਾਰਨ ਇਹ ਬਣਾਇਆ ਜਾ ਰਿਹਾ ਹੈ ਕਿ ਪਿਛਲੇ 10 ਦਿਨਾਂ ਤੋਂ ਬੇਮੌਸਮੀ ਬਾਰਸ਼ ਜਾਰੀ ਹੈ | ਟੀਮ ਕਣਕ ਦੀ ਗੁਣਵੱਤਾ ਤੈਅ ਕਰੇਗੀ ਕਿੰਨਾ ਦਾਣਾ ਕਾਲਾ ਹੋਇਆ ਹੈ | ਇਸ ਆਧਾਰ 'ਤੇ ਭਾਅ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ | ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸ ਬਹਾਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਰਾਹੀਂ ਅਮਰੀਕਾ ਤੋਂ ਕਣਕ ਮੰਗਵਾ ਸਕਦੀ ਹੈ ਜੋ ਕੇ ਕਿਸਾਨਾਂ ਨੂੰ ਬਹੁਤ ਭਾਰੀ ਮਾਰ ਪਵੇਗੀ ਉਨ੍ਹਾਂ ਮੰਗ ਕੀਤੀ ਕੇ ਕੇਂਦਰ ਸਰਕਾਰ ਖ਼ਰੀਦ ਤੇ ਲਾਈਆਂ ਸ਼ਰਤਾਂ ਵਾਪਸ ਲਵੇ | ਮੌਜੂਦਾ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਤੁਰੰਤ ਨਿਰਵਿਘਨ ਸਰਕਾਰੀ ਖ਼ਰੀਦ ਨੂੰ ਯਕੀਨੀ ਬਣਾਵੇ | ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਨਿਰਵਿਘਨ ਖ਼ਰੀਦ ਸ਼ੁਰੂ ਨਹੀਂ ਕੀਤੀ ਜਾਂਦੀ ਤਾਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਵੱਲੋਂ ਕਿਸਾਨਾਂ ਨੂੰ ਵੱਡੇ ਪੱਧਰ ਤੇ ਲਾਮਬੰਦ ਕਰਕੇ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ | ਇਸ ਮੌਕੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਬਲਾਕ ਆਗੂ ਗੁਰੀ ਚਾਹਲ ਲਹਿਰਾ, ਵਰਿੰਦਰ ਸਿੰਘ ਰਾਮਗੜ੍ਹ ਸੰਧੂਆਂ, ਬੰਤਦਾਸ ਸੇਖੂਵਾਸ, ਅਮਰੀਕ ਸਿੰਘ, ਪਾਲਾ ਸਿੰਘ ਰਾਮਗੜ੍ਹ ਸੰਧੂਆਂ, ਬਲਦੇਵ ਸਿੰਘ ਸੰਗਤਪੁਰਾ, ਕਰਮਜੀਤ ਸਿੰਘ ਸੰਗਤਪੁਰਾ, ਗੁੱਡੂ ਸਿੰਘ ਰਾਮਗੜ੍ਹ, ਸੁਖਪਾਲ ਸਿੰਘ, ਲਾਲੀ ਸ਼ਰਮਾ ਲਹਿਰਾ ਆਦਿ ਹਾਜ਼ਰ ਸਨ |