ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ <br/>
ਅਜੀਤ ਡੈਸਕ
14-04-2026
• ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ) - ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਹਿਮਦਗੜ੍ਹ ਵੱਲੋਂ ਖ਼ਾਲਸਾ ਸਾਜਨਾ ਦਿਵਸ ਸਬੰਧੀ ਦੋ ਰੋਜ਼ਾ ਰਾਤ ਦੇ ਧਾਰਮਿਕ ਦੀਵਾਨ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਅਹਿਮਦਗੜ੍ਹ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਏ ਗਏ | ਜਿਸ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸੰਪਰਦਾਇ ਨੂੰ ਸਮਰਪਿਤ ਬਾਬਾ ਮਨਪ੍ਰੀਤ ਸਿੰਘ ਜੀ ਅਲੀਪੁਰ ਖ਼ਾਲਸਾ ਵਾਲੇ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਸੰਗਤਾਂ ਨੇ ਬੜੀ ਇਕਾਗਰਤਾ ਨਾਲ ਦੀਵਾਨ ਸਰਵਣ ਕੀਤੇ ਸੈਕਟਰੀ ਨਿਹਾਲ ਸਿੰਘ ਉੱਭੀ ਵੱਲੋਂ ਆਈਆਂ ਸੰਗਤਾਂ ਦਾ ਅਤੇ ਬਾਬਾ ਜੀ ਦਾ ਧੰਨਵਾਦ ਕੀਤਾ ਆਉਣ ਵਾਲੇ ਸਮਾਗਮ ਦੇ ਬਾਰੇ ਜਾਣਕਾਰੀ ਦਿੱਤੀ ਗਈ ਗੁਰੂ ਘਰ ਦੇ ਵਜ਼ੀਰ ਭਾਈ ਰਵਿੰਦਰ ਸਿੰਘ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਗੁਲਾਬ ਸਿੰਘ, ਸੈਕਟਰੀ ਨਿਹਾਲ ਸਿੰਘ ਉੱਭੀ, ਖ਼ਜ਼ਾਨਚੀ ਮੋਹਨ ਸਿੰਘ, ਜਸਕਰਨ ਸਿੰਘ ਸੋਢੀ, ਡਾਕਟਰ ਜੋਰਾ ਸਿੰਘ, ਮਾਸਟਰ ਮੇਜਰ ਸਿੰਘ, ਮਾਸਟਰ ਜਸਵੀਰ ਸਿੰਘ, ਬੇਅੰਤ ਸਿੰਘ ਸਰਾਉਂ, ਹਰਜੀਤ ਸਿੰਘ ਜੀਤਾ, ਅਵਤਾਰ ਸਿੰਘ ਬੜਿੰਗ, ਬਲਵੀਰ ਸਿੰਘ ਸਪਰਾ, ਗੁਰਪ੍ਰੀਤ ਸਿੰਘ ਪੀਤਾ, ਗੁਰਮੀਤ ਸਿੰਘ ਖ਼ਾਲਸਾ, ਬਲਵੰਤ ਸਿੰਘ ਸੌਂਦ, ਸਵਰਨ ਸਿੰਘ ਮਾਨ ਆਦਿ ਹਾਜ਼ਰ ਸਨ |
• ਧੂਰੀ, (ਲਖਵੀਰ ਸਿੰਘ ਧਾਂਦਰਾ) - ਆਰੀਆ ਸਮਾਜ ਧੂਰੀ ਵੱਲੋਂ ਆਰੀਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਅਤੇ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ | ਜਿਸ ਵਿੱਚ ਆਰੀਆ ਸਮਾਜ ਧੂਰੀ ਦੀਆਂ ਸਾਰੀਆਂ ਸਿੱਖਿਅਕ ਸੰਸਥਾਵਾਂ ਯਸ਼ ਚੌਧਰੀ ਮਾਡਲ ਸਕੂਲ, ਐਮ ਸੀ ਆਰ ਪਬਲਿਕ ਸਕੂਲ, ਆਰੀਆ ਕਾਲਜ, ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੇ ਭਾਗ ਲਿਆ | ਜਿਸ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਜੀਵਨ ਬਾਰੇ ਦੱਸਿਆ ਗਿਆ ਅਤੇ ਉਨ੍ਹਾਂ ਦੇ ਜੀਵਨ ਦੇ ਬੱਚਿਆਂ ਵੱਲੋਂ ਕਲਚਰ ਪ੍ਰੋਗਰਾਮ ਕਰਾਏ ਗਏ | ਇਸ ਤੋਂ ਇਲਾਵਾ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਵੀ ਕਲਚਰ ਪ੍ਰੋਗਰਾਮ ਕੀਤੇ ਗਏ | ਇਸ ਮੌਕੇ ਬੱਚਿਆਂ ਨੂੰ ਮੈਨੇਜਮੈਂਟ ਕਮੇਟੀ ਵੱਲੋਂ ਇਨਾਮ ਦਿੱਤੇ ਗਏ ਅਤੇ ਉਨ੍ਹਾਂ ਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਆਰੀਆ ਸਕੂਲ ਦੇ ਪ੍ਰਧਾਨ ਸ਼੍ਰੀ ਵਿੱਕੀ ਪਰੋਚਾ ਧੂਰੀ ਨੇ ਬੋਲਦਿਆਂ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਰਚ ਕੇ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਹਨ | ਭਾਰਤ ਦਾ ਸੰਵਿਧਾਨ ਭਾਰਤ ਦੇਸ਼ ਦੀ ਆਤਮਾ ਹੈ | ਸੰਵਿਧਾਨ ਬਚੇਗਾ ਤਾਂ ਹੀ ਸਾਡਾ ਦੇਸ਼ ਇੱਕ ਰਹਿ ਸਕਦਾ ਹੈ | ਇਸ ਮੌਕੇ ਸਤੀਸ਼ ਪਾਲ ਆਰੀਆ, ਵਿਜੇ ਆਰੀਆ, ਰਾਜੀਵ ਮੋਹਿਲ, ਵੀਰੇਂਦਰ ਆਰੀਆ, ਰਾਮਪਾਲ ਆਰੀਆ, ਪਵਨ ਗਰਗ, ਰਾਜਿੰਦਰ ਅਤਰੀ, ਹਰਮੇਲ ਸਿੰਘ ਢੀਂਡਸਾ, ਚਰਨਜੀਤ ਸਿੰਘ ਕੈਂਥ, ਦੀਵਾਨ ਚੰਦ ਬਾਂਸਲ, ਲੈਫ਼ਟੀਨੈਂਟ ਦਰਸ਼ਨ ਸਿੰਘ, ਐਡਵੋਕੇਟ ਨਵਦੀਪ ਚਾਂਗਲੀ, ਲਖਪਤ ਰਾਏ, ਮਿੱਠੂ ਐਮ ਸੀ,ਗੱਗੀ, ਗੁਰਪਾਲ ਸਿੰਘ ਮਨੀ, ਸੱਤੀ, ਹੈਪੀ ਅਤੇ ਹੋਰ ਮੈਂਬਰ ਹਾਜ਼ਰ ਸਨ |
• ਸ਼ੇਰਪੁਰ, (ਦਰਸ਼ਨ ਸਿੰਘ ਖੇੜੀ) - ਗਿਆਨਸ਼ ਗਲੋਬਲ ਸਕੂਲ ਸਲੇਮਪੁਰ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਅਤੇ ਅੰਬੇਡਕਰ ਜਯੰਤੀ ਨੂੰ ਬਹੁਤ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਤੇ ਸਕੂਲ ਕੈਂਪਸ ਨੂੰ ਰਵਾਇਤੀ ਪੰਜਾਬੀ ਢੰਗ ਨਾਲ ਸਜਾਇਆ ਗਿਆ, ਜਿਸ ਨਾਲ ਪੰਜਾਬੀ ਵਿਰਸੇ ਦੀ ਸੁੰਦਰ ਝਲਕ ਨਜ਼ਰ ਆਈ | ਸਮਾਗਮ 'ਚ ਮੁੱਖ ਮਹਿਮਾਨ ਬਲਵੰਤ ਸਿੰਘ ਰੰਧਾਵਾ, ਜਗਦੇਵ ਸਿੰਘ ਢਿੱਲੋਂ, ਹਰੀ ਸਿੰਘ ਢਿੱਲੋਂ, ਚੇਅਰਮੈਨ ਰੁਬਿੰਦਰ ਸਿੰਘ ਰੰਧਾਵਾ, ਸਕੱਤਰ ਮਨਜੀਤ ਸਿੰਘ ਢਿੱਲੋਂ, ਸ੍ਰੀਮਤੀ ਤਲਵਿੰਦਰ ਕੌਰ ਅਤੇ ਸ੍ਰੀਮਤੀ ਹਰਪਿੰਦਰ ਕੌਰ, ਡਾਇਰੈਕਟਰ ਬਿਨੋਏ ਪੀ ਕੇ, ਪਿ੍ੰਸੀਪਲ ਸ਼ਾਹੀਨਾ ਰੋਜ਼ੀ ਅਤੇ ਵਾਈਸ ਪਿ੍ੰਸੀਪਲ ਨੀਨਾ ਯੌਸਫ਼ ਸ਼ਾਮਿਲ ਹੋਏ | ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਨਿਰਮਾਣ ਦੇ ਵਿੱਚ ਯੋਗਦਾਨ ਬਾਰੇ ਜਾਣਕਾਰੀ ਦਿੰਦਿਆਂ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈਣ ਬਾਰੇ ਪ੍ਰੇਰਿਆ | ਵਿਦਿਆਰਥੀਆਂ ਨੇ ਭੰਗੜਾ ਅਤੇ ਗਿੱਧਾ ਵਰਗੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਇਸ ਤਿਉਹਾਰ ਨੂੰ ਹੋਰ ਵੀ ਸੋਹਣਾ ਬਣਾ ਦਿੱਤਾ | ਸਕੂਲ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਕਲਾ ਨੇ ਪੂਰੇ ਮਾਹੌਲ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ | ਇਸ ਸਮੇਂ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ |
• ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਗੁਰਦੁਆਰਾ ਅਕਾਲਗੜ੍ਹ ਸੁਨਾਮ ਊਧਮ ਸਿੰਘ ਵਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਅਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੁਨਾਮ ਸ਼ਹਿਰ ਵਿਚ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਕੀਰਤਨ ਦਾ ਸ਼ਹਿਰ ਵਿਚ ਥਾਂ ਥਾਂ ਭਰਵਾਂ ਸਵਾਗਤ ਕੀਤਾ ਗਿਆ | ਇਸ ਸਮੇਂ ਭਾਈ ਜਸਪਾਲ ਸਿੰਘ ਘਲਾਲ ਵਾਲੇ ਅਤੇ ਭਾਈ ਚਮਕੌਰ ਸਿੰਘ ਚਮਨ ਦੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਖਾਲਸੇ ਦੀ ਸਾਜਨਾ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਮਜਲੂਮਾਂ ਦੀ ਰਾਖੀ ਲਈ ਹਮੇਸ਼ਾ ਤਤਪਰ ਰਹਿਣ ਲਈ ਤਿਆਰ ਕੀਤਾ ਗਿਆ | ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਢਿੱਲੋਂ, ਤਰਵਿੰਦਰ ਸਿੰਘ ਢਿੱਲੋਂ, ਅਮਰੀਕ ਸਿੰਘ ਵਿਰਕ, ਗੁਰਚਰਨ ਸਿੰਘ ਧਾਲੀਵਾਲ, ਰਵਿੰਦਰ ਸਿੰਘ ਚੀਮਾ, ਸਵਰਨ ਸਿੰਘ ਧਾਲੀਵਾਲ, ਹਰਵਿੰਦਰ ਸਿੰਘ ਨਾਮਧਾਰੀ, ਗੁਲਜ਼ਾਰ ਸਿੰਘ ਚੀਮਾ, ਦਰਸ਼ਨਾਂ ਕੌਰ, ਕੁਲਦੀਪ ਸਿੰਘ ਘੁੰਮਣ, ਮਨਪ੍ਰੀਤ ਸਿੰਘ ਮਨੀ ਵੜੈਚ, ਲੱਕੀ ਚੀਮਾ ਅਤੇ ਯਾਦਵਿੰਦਰ ਸਿੰਘ ਕਾਲਾ ਵੜੈਚ ਆਦਿ ਮੌਜੂਦ ਸਨ |
• ਸ਼ੇਰਪੁਰ, (ਦਰਸ਼ਨ ਸਿੰਘ ਖੇੜੀ) - ਗੁਰਦੁਆਰਾ ਨਾਨਕ ਦਰਬਾਰ ਖੇੜੀ ਕਲਾਂ ਵਿਖੇ ਭਗਤ ਧੰਨਾ ਜੱਟ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮੇਂ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਉੱਘੇ ਸਿੱਖ ਵਿਦਵਾਨ ਗਿਆਨੀ ਬੀਰਬਲ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ | ਇਸ ਸਮੇਂ ਵਾਰਿਸ ਪੰਜਾਬ ਪਾਰਟੀ ਦੇ ਪ੍ਰਧਾਨ ਅਤੇ ਉੱਘੇ ਸਿੱਖ ਚਿੰਤਕ ਮਾਸਟਰ ਅਵਤਾਰ ਸਿੰਘ ਖੇੜੀ ਨੇ ਬੋਲਦਿਆਂ ਕਿਹਾ ਕਿ ਭਗਤ ਧੰਨਾ ਜੱਟ ਦੀ ਪ੍ਰਮਾਤਮਾ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਨੂੰ ਉਸ ਸਮੇਂ ਬੂਰ ਪਿਆ ਜਦੋਂ ਉਨ੍ਹਾਂ ਨੂੰ ਅੰਤਰੀਵ ਮਨ ਮੰਦਰ ਵਿੱਚੋਂ ਗਿਆਨ ਪ੍ਰਗਟ ਹੋਇਆ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਫ਼ੌਜੀ ਨੇ ਕਿਹਾ ਕਿ ਸਾਨੂੰ ਪੰਜ ਪਿਆਰਿਆਂ ਦੇ ਉਸਾਰੂ ਰੋਲ ਨੂੰ ਸਿਜਦਾ ਕਰਨਾ ਬਣਦਾ ਹੈ | ਇਸ ਕਰ ਕੇ ਸੰਗਤ ਨੂੰ ਦਿਆ, ਧਰਮ, ਹਿੰਮਤ, ਮੋਹਕਮ, ਸਾਹਿਬ ਦੇ ਸੰਕਲਪ ਨੂੰ ਸਦਾ ਯਾਦ ਰੱਖਣਾ ਚਾਹੀਦਾ | ਇਸ ਸਮੇਂ ਬਲਾਕ ਸੰਮਤੀ ਸ਼ੇਰਪੁਰ ਦੇ ਚੇਅਰਮੈਨ ਚਰਨ ਸਿੰਘ ਖੇੜੀ ਅਤੇ ਪਾਠੀ ਸਿੰਘਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਿਸਾਨ ਆਗੂ ਸੁਖਦੀਪ ਸਿੰਘ ਚਹਿਲ, ਜਗਰੂਪ ਸਿੰਘ, ਅਵਤਾਰ ਸਿੰਘ, ਨੰਬਰਦਾਰ ਪਰਮਿੰਦਰ ਸਿੰਘ ਟਿੰਕਾ, ਹਰਮੇਲ ਸਿੰਘ ਹੇਲੀ, ਜਥੇਦਾਰ ਮਲਕੀਤ ਸਿੰਘ, ਮਾਸਟਰ ਬਲਦੇਵ ਸਿੰਘ, ਬਲਜੀਤ ਸਿੰਘ ਬੀਤਾ, ਮੁਕੰਦ ਸਿੰਘ, ਬਿੱਟੂ ਸਿੰਘ, ਨਰੈਣ ਸਿੰਘ ਆਦਿ ਆਗੂ ਮੌਜੂਦ ਸਨ |
ਸੰਗਰੂਰ, (ਧੀਰਜ ਪਸ਼ੌਰੀਆ)- ਫਾਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸਾਖੀ ਦਾ ਜੋਸ਼ੀਲਾ ਤਿਉਹਾਰ ਉਤਸ਼ਾਹ ਨਾਲ ਮਨਾਇਆ | ਇਸ ਜਸ਼ਨ ਵਿੱਚ ਰਵਾਇਤੀ ਨਾਚ, ਗੀਤ ਅਤੇ ਸਭਿਆਚਾਰਕ ਪੇਸ਼ਕਾਰੀਆਂ ਸਮੇਤ ਕਈ ਤਰ੍ਹਾਂ ਦੇ ਪ੍ਰਦਰਸ਼ਨ ਪੇਸ਼ ਕੀਤੇ ਗਏ, ਜੋ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦੇ ਹਨ | ਵਿਦਿਆਰਥੀ ਰੰਗੀਨ ਰਵਾਇਤੀ ਪਹਿਰਾਵੇ ਵਿੱਚ ਸਜੇ ਹੋਏ ਸਨ | ਪ੍ਰੋਗਰਾਮ ਦਾ ਥੀਮ, ਪੀਲਾ ਰੰਗ ਸੀ | ਸਮਾਗਮ ਦੀ ਸ਼ੁਰੂਆਤ ਚੇਅਰਮੈਨ ਸ੍ਰੀ ਪ੍ਰਤਾਪ ਸਿੰਘ ਧਾਲੀਵਾਲ ਨੇ ਕੀਤੀ, ਡਾਇਰੈਕਟਰ ਐਮ.ਐਸ. ਬਖ਼ਤਾਵਰ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਵਿਸਾਖੀ ਦੀ ਇਤਿਹਾਸਕ ਮਹੱਤਤਾ ਅਤੇ ਪੰਜਾਬੀ ਸਭਿਆਚਾਰ ਵਿੱਚ ਇਸ ਦੀ ਮਹੱਤਤਾ 'ਤੇ ਚਾਨਣਾ ਪਾਇਆ | ਪਿ੍ੰਸੀਪਲ ਸ਼੍ਰੀਮਤੀ ਰਾਜਵੀਰ ਕੌਰ ਧਾਲੀਵਾਲ ਨੇ ਵੀ ਵਿਦਿਆਰਥੀਆਂ ਨੂੰ ਅਜਿਹੇ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ, ਸੰਪੂਰਨ ਵਿਕਾਸ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ | ਸਮਾਗਮ ਦੇ ਅੰਤ 'ਤੇ ਡਾਇਰੈਕਟਰ ਐਮ.ਐਸ. ਬਖ਼ਤਾਵਰ ਨੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਸਭ ਦੀ ਖ਼ੁਸ਼ੀਆਂ ਲੈ ਕੇ ਆਵੇ |
• ਮੂਲੋਵਾਲ, (ਰਤਨ ਸਿੰਘ ਭੰਡਾਰੀ) - ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ, ਮੂਲੋਵਾਲ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗ-ਬਿਰੰਗੇ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਭੰਗੜਾ, ਗਿੱਧਾ ਅਤੇ ਕਵਿਤਾਵਾਂ ਸ਼ਾਮਿਲ ਸਨ | ਸਕੂਲ ਦੇ ਪਿ੍ੰਸੀਪਲ ਮੈਡਮ ਕਰਮਜੀਤ ਕੌਰ ਚੱਠਾ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਸ.ਮਨਜੀਤ ਸਿੰਘ ਨੇ ਬੱਚਿਆ ਨੂੰ ਵਿਸਾਖੀ ਦੇ ਤਿਉਹਾਰ ਬਾਰੇ ਜਾਗਰੂਕ ਕਰਵਾਇਆ | ਇਸ ਪ੍ਰੋਗਰਾਮ ਵਿੱਚ ਪੁਰਾਣੇ ਸਭਿਆਚਾਰ ਦੀਆਂ ਝਲਕੀਆਂ ਦੀ ਪ੍ਰਦਰਸ਼ਨੀ ਪੇਸ਼ ਕੀਤੀ ਗਈ | ਸਕੂਲ ਮੈਨੇਜਮੈਂਟ ਵੱਲੋਂ ਵੀ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਗਈ, ਜਿਸ ਵਿੱਚ ਅਨੀਲ ਕੇਸਰ , ਮੈਡਮ ਗੀਤਾ ਕੇਸਰ ਅਤੇ ਪਿ੍ਤਪਾਲ ਸਿੰਘ ਚੱਢਾ ਸ਼ਾਮਲ ਸਨ | ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਸਭ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸਕੂਲ ਵਿੱਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ |
• ਕੁੱਪ ਕਲਾਂ, (ਸੁਖਜਿੰਦਰ ਸਿੰਘ ਝੱਲ)-ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਕੁੱਪ ਕਲਾਂ ਮਲੇਰਕੋਟਲਾ ਦੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਦੀ ਦੇਖ ਰੇਖ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ 100 ਤੋਂ ਵੱਧ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਦੱਸਿਆ ਕਿ ਗੁਰੂਘਰ ਦੇ ਬਾਨੀ ਸੰਤ ਬਾਬਾ ਜੰਗ ਸਿੰਘ ਵੱਲੋਂ ਹਰ ਸਾਲ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਸੰਗਤਾਂ ਨੂੰ ਅੰਮਿ੍ਤ ਛਕਾਉਣ ਦੀ ਜੋ ਮਰਿਆਦਾ ਚਲਾਈ ਗਈ ਸੀ ਉਸ ਨੂੰ ਨਿਰੰਤਰ ਰੂਪ ਵਿੱਚ ਹੁਣ ਵੀ ਜਾਰੀ ਰੱਖਿਆ ਗਿਆ ਹੈ, ਜਿਸ ਤਹਿਤ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਇਹ ਕਾਰਜ ਕਰ ਰਹੇ ਹਨ | ਉਨ੍ਹਾਂ ਆਖਿਆ ਕਿ ਅੰਮਿ੍ਤ ਛਕਾਉਣ ਲਈ ਸਿੰਘ ਗੁਰਦੁਆਰਾ ਸੁਹਾਣਾ ਸਾਹਿਬ ਤੋਂ ਪਹੁੰਚੇ ਅਤੇ ਅੰਮਿ੍ਤ ਛਕਣ ਵਾਲੇ ਵਾਲੀ ਸੰਗਤ ਨੂੰ ਗੁਰਦੁਆਰਾ ਸਾਹਿਬ ਵੱਲੋਂ ਕਕਾਰ ਮੁਫ਼ਤ ਭੇਟ ਕੀਤੇ ਗਏ | ਇਸ ਸਮਾਗਮ ਅੰਦਰ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਗੁਰੂ ਕਾ ਲੰਗਰ ਛਕਿਆ |
• ਮਲੇਰਕੋਟਲਾ, (ਪਾਰਸ ਜੈਨ) - ਸਥਾਨਕ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਖ਼ਾਲਸਾ ਸਾਜਨਾ ਦਿਹਾੜੇ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਕਰਵਾਏ ਗਏ ਅੰਮਿ੍ਤ ਸੰਚਾਰ ਸਮਾਗਮ ਦੌਰਾਨ ਇਲਾਕੇ ਦੋ ਦਰਜਨ ਪ੍ਰਾਣੀ ਖੰਡੇ ਬਾਟੇ ਦਾ ਅੰਮਿ੍ਤ ਪਾਨ ਕਰ ਕੇ ਗੁਰੁ ਵਾਲੇ ਬਣੇ | ਗੁਰਦੁਆਰਾ ਸਿੰਘ ਸਭਾ ਦੇ ਮੁੱਖ ਗ੍ਰੰਥੀ ਭਾਈ ਅਵਤਾਰ ਸਿੰਘ ਬਧੇਸ਼ਾ ਵੱਲੋਂ ਪੰਥ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਉਪਰੰਤ ਅਰੰਭ ਹੋਏ ਧਾਰਮਿਕ ਸਮਾਗਮ ਦੌਰਾਨ ਪੰਥਕ ਢਾਡੀ, ਕਵੀਸਰ, ਕੀਰਤਨੀ ਜਥਿਆਂ ਅਤੇ ਸਿੱਖ ਇਤਿਹਾਸ ਤੇ ਗੁਰਬਾਣੀ ਦੇ ਵਿਦਵਾਨ ਪ੍ਰਚਾਰਕ ਵਿਦਵਾਨਾਂ ਨੇ ਸੰਗਤਾਂ ਨੂੰ ਗੁਰਬਾਣੀ, ਕੁਰਬਾਨੀਆਂ ਭਰੇ ਸਿੱਖ ਇਤਿਹਾਸ ਅਤੇ ਗੁਰ ਸਿੱਖੀ ਜੀਵਨ ਦੇ ਮਹੱਤਵ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ | ਇਸ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪਹੁੰਚੇ ਪੰਜ ਪਿਆਰਿਆਂ ਨੇ ਖੰਡੇ ਬਾਟੇ ਦਾ ਅੰਮਿ੍ਤ ਤਿਆਰ ਕਰ ਕੇ ਗੁਰਮਰਿਆਦਾ ਮੁਤਾਬਕ ਦੋ ਦਰਜਨ ਪ੍ਰਾਣੀਆਂ ਨੂੰ ਗੁਰੁ ਲੜ ਲਾਇਆ | ਧਾਰਮਿਕ ਸਮਾਗਮ ਦੌਰਾਨ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ, ਕਾਕਾ ਅਮਰਿੰਦਰ ਸਿੰਘ ਮੰਡੀਆਂ, ਕਾਰਜਕਾਰੀ ਪ੍ਰਧਾਨ ਭਾਈ ਜਤਿੰਦਰ ਸਿੰਘ ਮਹੋਲੀ, ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ, ਜਨਰਲ ਸਕੱਤਰ ਪਿ੍ੰਸੀਪਲ ਬਲਜੀਤ ਸਿੰਘ ਟਿਵਾਣਾ, ਸਾਬਕਾ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖਟੜਾ, ਮਨਸ਼ਾਂਤ ਸਿੰਘ ਢੀਂਡਸਾ ਜਲਾਲਾਬਾਦ, ਸਰਪੰਚ ਕੁਲਜਿੰਦਰ ਸਿੰਘ ਬੂੰਗਾ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਪਿੰਸੀਪਲ ਗੁਰਪਰੀਤ ਸਿੰਘ ਜਵੰਧਾ, ਸ਼ੋ੍ਰਮਣੀ ਕਮੇਟੀ ਦੇ ਪ੍ਰਚਾਰਕਾਂ ਭਾਈ ਸੁਖਵੀਰ ਸਿੰਘ ਫਲੌਂਡ, ਭਾਈ ਚਰਨਪਰੀਤ ਸਿੰਘ ਮਾਹੋਰਾਣਾ, ਢਾਡੀ ਭਾਈ ਹਰਪਰੀਤ ਸਿੰਘ ਆਦਿ ਆਗੂਆਂ ਤੇ ਪੰਥਕ ਵਿਦਵਾਨਾਂ ਨੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪ ਅਤੇ ਅਪਣੇ ਬੱਚਿਆਂ ਨੂੰ ਨਸ਼ਿਆਂ ਤੇ ਹੋਰ ਕੁਰਹਿਤਾਂ ਤੋਂ ਬਚਾਈ ਰੱਖਣ ਲਈ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੇ ਹਕੀਕੀ ਸੱਚ ਨਾਲ ਜੋੜਨ | ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹੁੰਚੇ ਵਿਦਵਾਨਾਂ ਤੇ ਆਗੂਆਂ ਨੂੰ ਸਿਰੋਪਾਓ ਦੀ ਬਖਸ਼ਿਸ ਕਰ ਕੇ ਸਨਮਾਨਿਤ ਕੀਤਾ ਗਿਆ |ਸਿੱਖ ਆਗੂ ਹਾਜਰ ਸਨ |
• ਖਨੌਰੀ, (ਬਲਵਿੰਦਰ ਸਿੰਘ ਥਿੰਦ) - ਖਨੌਰੀ ਦੀ ਸ੍ਰੀ ਗੁਰੂ ਨਾਨਕ ਦੇਵ ਟਰੱਕ ਯੂਨੀਅਨ ਵਿਖੇ ਲੱਗੇ ਸ੍ਰੀ ਨਿਸ਼ਾਨ ਸਾਹਿਬ ਦਾ ਚੋਲਾ ਚੜਾਇਆ ਗਿਆ | ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਖਨੌਰੀ ਦੇ ਟਰੱਕ ਮਾਲਕਾਂ ਅਤੇ ਡਰਾਈਵਰ ਵੀਰਾਂ ਵੱਲੋਂ ਅੱਜ ਨਿਸ਼ਾਨ ਸਾਹਿਬ ਦਾ ਚੋਲਾ ਚੜਾਇਆ ਗਿਆ | ਪਹਿਲਾਂ ਡਰਾਈਵਰ ਵੀਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਵਾਇਆ ਗਿਆ ਅਤੇ ਉਪਰੰਤ ਨਿਸ਼ਾਨ ਸਾਹਿਬ ਦਾ ਚੋਲਾ ਚੜਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਖਨੌਰੀ ਦੇ ਹਜੂਰੀ ਗ੍ਰੰਥੀ ਸ੍ਰ ਮੁਖ਼ਤਿਆਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ਼ ਵਰਤਾਈ ਗਈ |
• ਖਨੌਰੀ, (ਬਲਵਿੰਦਰ ਸਿੰਘ ਥਿੰਦ) - ਅੱਜ ਗੰਗਾ ਇੰਟਰਨੈਸ਼ਨਲ ਸਕੂਲ ਵਿਖੇ ਬੜੇ ਉਤਸ਼ਾਹ, ਸ਼ਰਧਾ ਅਤੇ ਦੇਸ਼-ਭਗਤੀ ਦੇ ਜਜ਼ਬੇ ਨਾਲ ਵਿਸਾਖੀ ਅਤੇ ਜਲਿ੍ਹਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿੱਚ ਸਾਂਝਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੀ ਸਭਾ ਨਾਲ ਹੋਈ, ਜਿਸ ਵਿੱਚ ਅਲਕਨੰਦਾ ਹਾਊਸ ਦੇ ਵਿਦਿਆਰਥੀਆਂ ਨੇ ਵਿਸਾਖੀ ਦੇ ਤਿਉਹਾਰ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਪੰਜਾਬੀ ਅਧਿਆਪਕ ਜਤਿੰਦਰ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਵਿਸਾਖੀ ਨਾਲ ਸੰਬੰਧਿਤ ਗੀਤ ਪੇਸ਼ ਕੀਤਾ | ਸਕੂਲ ਦੇ ਵਾਈਸ ਪਿ੍ੰਸੀਪਲ ਇਸ਼ਾਂਤ ਪਾਹਵਾ, ਕੋਆਰਡੀਨੇਟਰ ਅਜੀਤ ਕੁਮਾਰ ਅਤੇ ਮਿਡਲ ਵਿੰਗ ਕੋਆਰਡੀਨੇਟਰ ਅੰਮਿ੍ਤਪਾਲ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸ਼ਹੀਦਾਂ ਦੀ ਬਹਾਦਰੀ ਅਤੇ ਵਿਸਾਖੀ ਦੇ ਇਤਿਹਾਸਕ ਮਹੱਤਵ 'ਤੇ ਚਾਨਣਾ ਪਾਇਆ | ਡਾਇਰੈਕਟਰ ਪਿ੍ੰਸੀਪਲ ਮੈਮ ਰੀਨਾ ਚੀਮਾ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ |