ਭਵਾਨੀਗੜ੍ਹ, 13 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਇਟਲੀ ਵਿਚ 22 ਮਾਰਚ ਨੂੰ ਪਿੰਡ ਕਾਕੜਾ ਦੇ ਇੱਕ ਨੌਜਵਾਨ ਦੀ ਮੌਤ ਹੋ ਜਾਣ 'ਤੇ ਅੱਜ ਉਸ ਦੀ ਮਿ੍ਤਕ ਦੇਹ ਪਿੰਡ ਲਿਆ ਕੇ ਪਰਿਵਾਰਿਕ ਮੈਂਬਰਾਂ ਗਮਗੀਨ ਮਾਹੌਲ ਵਿਚ ਅੰਤਿਮ ਸਸਕਾਰ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਹਾਊਸ ਫੈਡ ਦੇ ਸਾਬਕਾ ਅਧਿਕਾਰੀ ਸੂਰਤ ਸਿੰਘ ਤੁੰਗ ਦਾ 35 ਸਾਲਾ ਇਕਲੌਤਾ ਪੁੱਤਰ ਨਵਦੀਪ ਸਿੰਘ ਕਰੀਬ 4 ਸਾਲ ਪਹਿਲਾਂ ਇਟਲੀ ਗਿਆ ਸੀ | ਇਸ ਸਾਲ ਜਨਵਰੀ ਮਹੀਨੇ ਉਹ ਵਾਪਸ ਪੰਜਾਬ ਆ ਰਿਹਾ ਸੀ ਤਾਂ ਕਿਸੇ ਕਾਰਨ ਕਰਕੇ ਉਹ ਰਾਹ ਵਿਚੋਂ ਹੀ ਵਾਪਸ ਇਟਲੀ ਮੁੜ ਗਿਆ | ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ 22 ਮਾਰਚ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਨਵਦੀਪ ਸਿੰਘ ਦੀ ਭੇਦਭਰੇ ਹਾਲਤਾਂ ਵਿਚ ਮੌਤ ਹੋ ਗਈ ਤਾਂ ਉਸੇ ਦਿਨ ਤੋਂ ਨਵਦੀਪ ਸਿੰਘ ਦੇ ਘਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਚੱਲ ਰਹੀ ਸੀ | ਨਵਦੀਪ ਸਿੰਘ ਦੀ ਮਿ੍ਤਕ ਦੇਹ ਪਿੰਡ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਅੱਜ ਉਸ ਦੀ ਮਿ੍ਤਕ ਦੇਹ ਜਹਾਜ਼ ਰਾਹੀਂ ਦਿੱਲੀ ਲਿਆਉਂਦੀ ਅਤੇ ਉੱਥੋਂ ਪਿੰਡ ਲਿਆ ਕੇ ਸੇਜਲ ਅੱਖਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ | ਨਵਦੀਪ ਸਿੰਘ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ 4 ਸਾਲ ਦਾ ਪੁੱਤਰ, ਮਾਤਾ ਪਿਤਾ ਛੱਡ ਗਿਆ | ਜਾਣਕਾਰੀ ਅਨੁਸਾਰ ਸੂਰਤ ਸਿੰਘ ਤੁੰਗ ਦਾ ਨਵਦੀਪ ਸਿੰਘ ਇਕਲੌਤਾ ਪੁੱਤਰ ਸੀ, ਇਸ ਦੀ 2 ਬੇਟੀਆਂ ਵਿਆਹੀਆਂ ਹੋਈਆਂ ਹਨ | ਇਸ ਮੌਕੇ 'ਤੇ ਜਗਤਾਰ ਸਿੰਘ ਰਾਜਲਾ ਸਾਬਕਾ ਵਿਧਾਇਕ ਸਮਾਣਾ, ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਹਰਵਿੰਦਰ ਸਿੰਘ ਕਾਕੜਾ, ਰਵਜਿੰਦਰ ਸਿੰਘ ਕਾਕੜਾ, ਰਣਜੀਤ ਸਿੰਘ ਤੂਰ ਕਾਂਗਰਸੀ, ਦਿਨੇਸ਼ ਬਾਂਸਲ, ਗੁਰਦੀਪ ਸਿੰਘ ਫੱਗੂਵਾਲਾ, ਜਗਤਾਰ ਸ਼ਰਮਾ, ਪਰਮਜੀਤ ਸਿੰਘ ਸੰਗਤਪੁਰਾ ਸਰਕਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਅਤੇ ਇਲਾਕਾ ਵਾਸੀਆਂ ਨੇ ਦੁੱਖ ਸਾਂਝਾ ਕੀਤਾ |