ਸੁਨਾਮ ਊਧਮ ਸਿੰਘ ਵਾਲਾ, 13 ਅਪ੍ਰੈਲ (ਭੁੱਲਰ, ਧਾਲੀਵਾਲ, ਸੱਗੂ) - ਖ਼ਾਲਸਾ ਸਾਜਨਾ ਦਿਵਸ ਅਤੇ ਵਿਸ਼ਵ ਖ਼ਾਲਸਾਈ ਦਸਤਾਰ ਦਿਵਸ ਨੂੰ ਸਮਰਪਿਤ 'ਸਾਡਾ ਖ਼ੁਆਬ ਪੱਗਾਂ ਵਾਲਾ ਪੰਜਾਬ' ਸਲੋਗਨ ਤਹਿਤ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਤੋਂ ਇੱਕ ਵਿਸ਼ਾਲ ਦਸਤਾਰ ਚੇਤਨਾ ਮਾਰਚ ਅਕਾਲ ਕੌਂਸਲ ਗੁਰੂਸਾਗਰ ਮਸਤੂਆਣਾ ਸਾਹਿਬ ਅਤੇ ਸਰਦਾਰੀਆਂ ਟਰੱਸਟ ਪੰਜਾਬ ਦੇ ਸਹਿਯੋਗ ਨਾਲ ਕੱਢਿਆ ਗਿਆ | ਜਿਸ ਵਿੱਚ ਇਲਾਕੇ ਦੇ ਸਕੂਲਾਂ, ਕਾਲਜਾਂ ਅਤੇ ਅਕੈਡਮੀਆਂ ਦੇ ਵਿਦਿਆਰਥੀਆਂ ਵੱਲੋਂ ਸੁੰਦਰ ਦਸਤਾਰਾਂ ਸਜਾ ਕੇ ਅਤੇ ਹੱਥਾਂ 'ਚ ਦਸਤਾਰ ਸਲੋਗਨ ਫੜ ਕੇ ਖ਼ਾਲਸਾਈ ਜਾਹੋ ਜਲਾਲ ਨਾਲ ਸ਼ਿਰਕਤ ਕੀਤੀ ਗਈ | ਇਸ ਦਸਤਾਰ ਚੇਤਨਾ ਮਾਰਚ ਦੀ ਆਰੰਭਤਾ ਮਨਦੀਪ ਸਿੰਘ ਸਿੱਧੂ ਸੇਵਾ ਮੁਕਤ ਡੀ.ਆਈ.ਜੀ. ਅਤੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕੌਂਸਲ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਕੀਤੀ ਗਈ | ਉਨ੍ਹਾਂ ਦੇ ਨਾਲ ਹਰਵਿੰਦਰ ਸਿੰਘ ਖਹਿਰਾ ਡੀ.ਐਸ.ਪੀ. ਸੁਨਾਮ, ਸਤਨਾਮ ਸਿੰਘ ਦਮਦਮੀ ਵੀ ਸ਼ਾਮਿਲ ਸਨ | ਇਹਨਾਂ ਸ਼ਖ਼ਸੀਅਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਇਸ ਕੀਤੇ ਗਏ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ | ਇਸ ਦਸਤਾਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਵੀ ਭਾਗ ਲਿਆ ਜਿਨ੍ਹਾਂ ਨੇ ਆਪਣੇ ਸਿਰਾਂ ਤੇ ਕੇਸਰੀ ਦੁਮਾਲੇ ਅਤੇ ਦੁਪੱਟੇ ਸਜਾਏ ਹੋਏ ਸਨ | ਜਨਰਲ ਸਕੱਤਰ ਕੁਲਵਿੰਦਰ ਸਿੰਘ ਮੋਹਲ ਅਤੇ ਹੈੱਡ ਗ੍ਰੰਥੀ ਜਗਮੇਲ ਸਿੰਘ ਛਾਜਲਾ ਨੇ ਕਿਹਾ ਕਿ ਇਸ ਦਸਤਾਰ ਚੇਤਨਾ ਮਾਰਚ ਦਾ ਨਿਰੋਲ ਉਦੇਸ਼ ਦਸਤਾਰ ਦਾ ਪ੍ਰਚਾਰ ਅਤੇ ਪਸਾਰ ਕਰਨਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਵਿੱਚ ਦਸਤਾਰ ਪ੍ਰਤੀ ਪਿਆਰ ਅਤੇ ਸਤਿਕਾਰ ਮੁੜ ਸੁਰਜੀਤ ਕੀਤਾ ਜਾ ਸਕੇ | ਇਹ ਦਸਤਾਰ ਮਾਰਚ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਕੀਤਾ ਗਿਆ | ਅੰਤ ਵਿੱਚ ਕੁਲਵਿੰਦਰ ਸਿੰਘ ਮੋਹਲ ਵੱਲੋਂ ਸਾਰੇ ਸਕੂਲੀ ਬੱਚਿਆਂ, ਅਧਿਆਪਕਾਂ ਧਾਰਮਿਕ ਸੰਸਥਾਵਾਂ ਅਤੇ ਸੁਸਾਇਟੀਆਂ ਦਾ ਸਨਮਾਨ ਕਰਦਿਆਂ ਧੰਨਵਾਦ ਕੀਤਾ ਗਿਆ | ਇਸ ਮੌਕੇ ਤੇ ਭਾਈ ਜਗਰਾਜ ਸਿੰਘ ਢੱਡਰੀਆਂ, ਸਤਨਾਮ ਸਿੰਘ ਦਮਦਮੀ, ਦਰਸ਼ਨ ਸਿੰਘ ਅÏਲਖ ਪ੍ਰਧਾਨ ਗੁਰਦੁਆਰਾ ਬਾਬਾ ਨਾਮਦੇਵ ਜੀ, ਲੱਕੀ ਜੱਸਲ ਸੁਖਵਿੰਦਰ ਵਿੱਕੀ, ਅਰਸ਼ਪ੍ਰੀਤ ਸਿੰਘ ਮੋਹਲ ਗੁਰੀ ਜੱਸਲ, ਗੁਰਜੀਤ ਸਿੰਘ ਚਹਿਲ, ਲਵਪ੍ਰੀਤ ਕੌਰ ਲਵਲੀ, ਗੁਰਪ੍ਰੀਤ ਕੌਰ ਖ਼ਾਲਸਾ, ਸੁਖਵੰਤ ਕੌਰ ਸੁਰਜੀਤ ਕੌਰ ਰੂਪ ਸਿੰਘ, ਲਾਲ ਸਿੰਘ, ਸਾਹਿਬ ਜੋਤ ਸਿੰਘ ਤਰਸੇਮ ਸਿੰਘ ਰਾਏ, ਜਰਨੈਲ ਸਿੰਘ ਮਲਕੀਤ ਮੀਤੀ ਸਾਰੀ ਸ਼ੁਰੂ ਹੋ ਕੇ ਜਸਪ੍ਰੀਤ ਸਿੰਘ ਜੱਸੀ ਆਦਿ ਮੌਜੂਦ ਸਨ |