ਧਰਮਗੜ੍ਹ, 14 ਅਪ੍ਰੈਲ (ਗੁਰਜੀਤ ਸਿੰਘ ਚਹਿਲ)-ਅੱਗ ਲੱਗਣ ਕਾਰਨ ਕਿਸਾਨਾਂ ਦੀ ਪੱਕੀ ਖੜ੍ਹੀ ਕਣਕ ਦੀ ਫ਼ਸਲ ਕਰੀਬ ਪੰਜ ਛੇ ਏਕੜ ਸੜ ਕੇ ਸੁਆਹ ਹੋ ਗਈ | ਪਿੰਡ ਫਲੇੜਾ ਵਿਖੇ ਕਿਸਾਨ ਸਤਨਾਮ ਸਿੰਘ, ਗੱਗੀ ਸਿੰਘ, ਗੁਰਦੀਪ ਸਿੰਘ ਆਦਿ ਕਿਸਾਨਾਂ ਦੇ ਖੇਤ 'ਚ ਅਚਾਨਕ ਲੱਗੀ ਅੱਗ ਨਾਲ ਦੇਖਦੇ ਦੇਖਦੇ ਕੁੱਝ ਹੀ ਸਮੇਂ ਵਿੱਚ ਇਸ ਅੱਗ ਨੇ ਤਕਰੀਬਨ ਚਾਰ ਤੋਂ ਪੰਜ ਏਕੜ ਖੜ੍ਹੀ ਫ਼ਸਲ ਰਾਖ ਬਣਾ ਦਿੱਤੀ | ਜਾਣਕਾਰੀ ਦਿੰਦਿਆਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਜ਼ਿਆਦਾਤਰ ਪੀੜਤ ਕਿਸਾਨਾਂ ਵੱਲੋਂ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕੀਤੀ ਗਈ ਸੀ ਅਤੇ ਜ਼ਿਕਰਯੋਗ ਹੈ ਕਿ ਪਹਿਲਾਂ ਝੋਨੇ ਦੀ ਫ਼ਸਲ ਦਾ ਵੀ ਗੜੇਮਾਰੀ ਅਤੇ ਵਰਖਾ ਨਾਲ ਭਾਰੀ ਨੁਕਸਾਨ ਹੋਇਆ ਸੀ | ਉਕਤ ਬਹੁਤੇ ਕਿਸਾਨ ਕੇਵਲ-ਇੱਕ ਏਕੜ ਜ਼ਮੀਨ ਦੀ ਮਾਲਕੀ ਵਾਲੇ ਕਿਸਾਨ ਹਨ, ਜਿਨ੍ਹਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਫ਼ੋਨ ਕਰਨ ਦੇ ਬਾਵਜੂਦ ਫਾਇਰ ਬਿ੍ਗੇਡ ਦੀ ਕੋਈ ਵੀ ਅੱਗ ਬੁਝਾਉਣ ਵਾਲੀ ਗੱਡੀ ਨਹੀਂ ਆਈ ਅਤੇ ਨਾ ਹੀ ਮੌਕੇ 'ਤੇ ਪੁਲਿਸ ਪੁੱਜੀ ਅਤੇ ਭਾਵੇ ਅੱਗ ਬੁਝਾਉਣ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਪੁੱਜੇ ਪਰ ਕੇਵਲ ਖਾਨਾਪੂਰਤੀ ਕਰ ਕੇ ਹੀ ਬਿਨਾ ਕਿਸੇ ਜਾਣਕਾਰੀ ਤੋ ਵਾਪਸ ਚਲੇ ਗਏ, ਜਿਸ ਦਾ ਵੀ ਪੀੜਤ ਕਿਸਾਨਾਂ 'ਚ ਭਾਰੀ ਰੋਸ਼ ਹੈ | ਇਲਾਕੇ ਦੇ ਤਿੰਨ ਚਾਰ ਪਿੰਡਾਂ ਕਣਕਵਾਲ ਭੰਗੂਆਂ, ਫਤਿਹਗੜ੍ਹ, ਦੌਲਾ ਸਿੰਘ ਵਾਲਾ, ਹਰਿਆਊ ਅਤੇ ਫਲੇੜਾ ਦੇ ਲੋਕਾਂ ਵੱਲੋਂ ਮੁਸ਼ਕਿਲ ਨਾਲ ਇਸ ਅੱਗ ਉੱਪਰ ਕਾਬੂ ਪਾਇਆ ਗਿਆ | ਪਿੰਡ ਫਲੇੜਾ ਦੇ ਮੋਹਤਬਰ ਵਿਅਕਤੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਕਿਸਾਨਾਂ ਨੂੰ ਫ਼ਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ |