ਮੂਨਕ, 16 ਅਪ੍ਰੈਲ (ਪ੍ਰਵੀਨ ਮਦਾਨ) - ਅੱਜ ਪੰਜਾਬ ਦਾ ਕਿਸਾਨ ਆਪਣੀ ਸੋਨੇ ਵਰਗੀ ਕਣਕ ਨੂੰ ਵੇਚਣ ਲਈ ਮੰਡੀਆਂ ਦੇ ਵਿੱਚ ਰੁਲਣ ਲਈ ਮਜਬੂਰ ਹੋ ਰਿਹਾ ਹੈ ਅੱਜ 15 ਦਿਨ ਹੋ ਗਏ ਹਨ ਸਰਕਾਰ ਦਾਅਵੇ ਕਰ ਰਹੀ ਹੈ ਕਿ 1 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਮੰਡੀਆਂ ਵਿੱਚ ਸ਼ੁਰੂ ਹੋ ਗਈ ਹੈ ਪ੍ਰੰਤੂ ਕਿਤੇ ਵੀ ਕਣਕ ਦੀ ਖ਼ਰੀਦ ਸ਼ੁਰੂ ਨਹੀਂ ਹੋ ਰਹੀ ਅਤੇ ਨਾ ਹੀ ਕੋਈ ਖ਼ਰੀਦ ਏਜੰਸੀ ਮੰਡੀਆਂ ਵਿੱਚ ਖ਼ਰੀਦ ਕਰਨ ਲਈ ਆ ਰਹੀ ਹੈ | ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੱਸੇ ਕਿ ਪਿਛਲੇ 15 ਦਿਨਾਂ ਵਿੱਚ ਸਰਕਾਰ ਨੇ ਕਿੰਨੀ ਕਣਕ ਪੰਜਾਬ ਵਿਚੋਂ ਖ਼ਰੀਦ ਕੀਤੀ ਹੈ | ਕਿਉਂਕਿ ਪੰਜਾਬ ਵਿੱਚ ਨਾ ਮਾਤਰ ਹੀ ਖ਼ਰੀਦ ਹੋਈ ਹੈ | ਜਦੋਂ ਕਿ 90% ਫ਼ਸਲ ਦੀ ਕਟਾਈ ਹੋ ਕੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਪਏ ਹਨ ਮੰਡੀਆਂ ਵਿੱਚ ਕੋਈ ਬਾਰਦਾਨੇ ਦਾ ਪ੍ਰਬੰਧ ਨਹੀਂ ਹੈ | ਪੰਜਾਬ ਸਰਕਾਰ ਗੁਜਰਾਤ ਵਿੱਚ ਜਾ ਕੇ ਖ਼ਾਸ ਕਰ ਅਰਵਿੰਦ ਕੇਜਰੀਵਾਲ ਬਿਆਨ ਦੇ ਰਹੇ ਹਨ ਕਿ ਫ਼ਸਲ ਮੰਡੀਆਂ ਵਿੱਚ ਆਉਣ ਸਾਰ ਬੋਲੀ ਲੱਗਣ ਉਪਰੰਤ ਤੋਲੀ ਜਾਂਦੀ ਹੈ ਪੰਜਾਬ ਵਿੱਚ ਅਗਲੇ ਦਿਨ ਕਣਕ ਦਾ ਚੈੱਕ ਵੀ ਕਿਸਾਨ ਨੂੰ ਦਿੱਤਾ ਜਾਂਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਅੱਜ ਇੱਥੇ ਮੂਨਕ ਬੱਲਰਾ ਆਦਿ ਮੰਡੀਆਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਪੰਜਾਬ ਸਰਕਾਰ ਨੂੰ ਹਰ ਫ਼ਰੰਟ ਤੇ ਫ਼ੇਲ੍ਹ ਹੋਣ ਦਾ ਦਾਅਵਾ ਕੀਤਾ ਹੈ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਜਲਦੀ ਖ਼ਰੀਦ ਸ਼ੁਰੂ ਨਾ ਕੀਤੀ ਤਾਂ ਸਭ ਡਵੀਜ਼ਨ ਪੱਧਰ ਤੇ ਅਫ਼ਸਰਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਪੰਜਾਬ ਵਿੱਚ ਨਸ਼ਿਆਂ ਦੀ ਭਰਮਾਰ ਹੈ ਸਾਡੀ ਜਵਾਨੀ ਅਤੇ ਕਿਸਾਨੀ ਨੂੰ ਬਰਬਾਦ ਕਰਨ ਲਈ ਸਰਕਾਰ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਰਿਸ਼ਵਤ ਦਾ ਬੋਲਬਾਲਾ ਖੁੱਲੇ੍ਹਆਮ ਚੱਲ ਰਿਹਾ ਹੈ ਅਤੇ ਬਿਨਾਂ ਪੈਸੇ ਦੇ ਕਿਸੇ ਦਾ ਵੀ ਕੋਈ ਕੰਮ ਅਫ਼ਸਰਸ਼ਾਹੀ ਨਹੀਂ ਕਰ ਰਹੀ | ਇਸ ਮੌਕੇ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਛੱਜੂ ਸਿੰਘ ਧਾਲੀਵਾਲ, ਜਗਦੀਪ ਸਿੰਘ, ਜਸਵੰਤ ਸਿੰਘ, ਹੈਪੀ ਸਿੰਘ, ਸੰਜੇ ਸਿੰਗਲਾ, ਸੁਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਬੱਲਰਾ ਵੀ ਉਨ੍ਹਾਂ ਨਾਲ ਮੌਜੂਦ ਸਨ |