ਦਿੜ੍ਹਬਾ ਮੰਡੀ, 18 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਮਨਰੇਗਾ ਕਰਮਚਾਰੀ ਯੂਨੀਅਨ ਸੰਗਰੂਰ ਦੀ ਅਹਿਮ ਮੀਟਿੰਗ ਪ੍ਰਧਾਨ ਸੰਜੀਵ ਕਾਕੜਾ ਦੀ ਪ੍ਰਧਾਨਗੀ ਹੇਠ ਮਿੰਨੀ ਕੰਪਲੈਕਸ ਦਿੜ੍ਹਬਾ ਵਿਖੇ ਹੋਈ | 20 ਅਪ੍ਰੈਲ ਨੂੰ ਹੈੱਡ ਕੁਆਰਟਰ ਮੋਹਾਲੀ ਵਿਖੇ ਵਿਕਾਸ ਭਵਨ ਦਾ ਘਿਰਾਓ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਸੰਜੀਵ ਕਾਕੜਾ ਤੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਤੈਅ ਮਾਪਦੰਡਾਂ ਅਨੁਸਾਰ ਹੋਈ ਹੈ | ਜਿਸ ਕਰਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅੰਦਰ ਆਪਣੀਆਂ ਸੇਵਾਵਾਂ ਨਿਯਮਤ ਕਰਵਾਉਣ ਲਈ ਲਗਾਤਾਰ ਸੰਘਰਸ਼ ਲੜਦੇ ਆ ਰਹੇ ਹਨ | ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ-ਆਪਣੇ ਪੱਧਰ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਏ ਕਾਨੂੰਨ ਵੀ ਨਰੇਗਾ ਮੁਲਾਜ਼ਮਾਂ ਦਾ ਕੋਈ ਮਸਲਾ ਹੱਲ ਨਹੀਂ ਕਰਵਾ ਸਕੇ | ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਸਮੁੱਚਾ ਦਾਰੋਮਦਾਰ ਨਰੇਗਾ ਮੁਲਾਜ਼ਮਾਂ ਦੇ ਇਰਦ-ਗਿਰਦ ਘੁੰਮ ਰਿਹਾ ਹੈ | ਨਰੇਗਾ ਮੁਲਾਜ਼ਮ ਵਿਭਾਗ ਦੇ ਨਰੇਗਾ ਤੋਂ ਇਲਾਵਾ ਹਰ ਤਰ੍ਹਾਂ ਦੇ ਕੰਮਾਂ ਵਿਚ ਆਪਣੀਆਂ ਵਾਧੂ ਸੇਵਾਵਾਂ ਦੇ ਰਹੇ ਹਨ | ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕੋਈ ਵੀ ਯੋਜਨਾ ਜਾਂ ਸਰਵੇਖਣ ਨਰੇਗਾ ਮੁਲਾਜ਼ਮਾਂ ਦੀ ਭਾਗੀਦਾਰੀ ਬਿਨਾਂ ਵਿਭਾਗ/ਪਿੰਡਾਂ ਵਿਚ ਲਾਗੂ ਹੋਣੀ ਅਸੰਭਵ ਹੈ | ਨਰੇਗਾ ਮੁਲਾਜ਼ਮਾਂ ਨੇ ਉਧਾਰ ਮੈਟੀਰੀਅਲ ਖ਼ਰੀਦ ਕੇ ਪਿੰਡਾਂ ਦੇ ਸਰਵਪੱਖੀ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ | ਮੰਗਾ ਨਾਂ ਮੰਨਣ ਦੀ ਸੂਰਤ ਵਿੱਚ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਧੀਰ ਸਿੰਘ ਤੇ ਬਿੱਕਰ ਸਿੰਘ ਮੌਜੂਦ ਸਨ |