ਮਲੇਰਕੋਟਲਾ, 20 ਅਪ੍ਰੈਲ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਰਿਆਸਤੀ ਸ਼ਹਿਰ ਮਲੇਰਕੋਟਲਾ ਵਿਖੇ ਖੰਨਾ ਮੁੱਖ ਮਾਰਗ ਤੇ ਕੂੜੇ ਦੇ ਢੇਰਾਂ ਨੂੰ ਲੈ ਕੇ ਬੀਤੇ ਦਿਨਾਂ ਤੋਂ ਮਾਮਲਾ ਚਰਚਾ ਵਿੱਚ ਹੈ | ਭਾਵੇਂ ਕਿ ਉੱਥੋਂ ਕੂੜਾ ਹਟਾਉਣ ਦਾ ਕੰਮ ਚੱਲ ਰਿਹਾ ਹੈ ਪਰ ਫਿਰ ਵੀ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ | ਅੱਜ ਮਲੇਰਕੋਟਲਾ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦ ਹਲਕਾ ਅਮਰਗੜ੍ਹਤੋਂ ਕਾਂਗਰਸੀ ਆਗੂ ਬੀਬਾ ਅਮਨਦੀਪ ਕੌਰ ਖੰਗੂੜਾ ਕਾਂਗਰਸੀ ਵਰਕਰਾਂ ਸਣੇ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੇ ਦਫ਼ਤਰ ਅੱਗੇ ਕੂੜੇ ਦੀ ਟਰਾਲੀ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ | ਜਿੱਥੇ ਦਫ਼ਤਰ ਵਿੱਚ ਬੈਠੇ 'ਆਪ' ਸਮਰਥਕਾਂ ਤੇ ਕਾਂਗਰਸੀਆਂ ਦੇ ਦਰਮਿਆਨ ਕਾਫੀ ਕਹਾ-ਸੁਣੀ ਹੋ ਗਈ | ਕੁੱਝ ਦਿਨ ਪਹਿਲਾਂ ਬੀਬਾ ਅਮਨਦੀਪ ਕੌਰ ਖੰਗੂੜਾ ਨੇ ਮਲੇਰਕੋਟਲਾ ਦੇ ਪ੍ਰਸ਼ਾਸਨ ਨੂੰ 72 ਘੰਟੇ ਦਾ ਸਮਾਂ ਦਿੱਤਾ ਸੀ ਕਿ ਇੱਥੋਂ ਕੂੜੇ ਨੂੰ ਚੁੱਕ ਦਿੱਤਾ ਜਾਵੇ | ਜਿਸ ਦੇ ਚੱਲਦਿਆਂ ਅੱਜ ਉਹ ਆਪਣੀ ਟੀਮ ਨੂੰ ਲੈ ਕੇ ਮਲੇਰਕੋਟਲਾ ਦੇ ਵਿਧਾਇਕ ਦੇ ਦਫ਼ਤਰ ਦੇ ਬਾਹਰ ਕੂੜੇ ਦੀ ਟਰਾਲੀ ਭਰ ਕੇ ਪਹੁੰਚ ਗਏ | ਉਨ੍ਹਾਂ ਨੂੰ ਰੋਕਣ ਤੇ ਮਾਹੌਲ ਗਰਮ ਹੋ ਗਿਆ | ਇਸ ਉਪਰੰਤ ਕਾਂਗਰਸੀ ਵਰਕਰ ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਮਿਲ ਕੇ ਵਾਪਸ ਚਲੇ ਗਏ | ਬੀਬੀ ਅਮਨਦੀਪ ਕੌਰ ਖੰਗੂੜਾ ਨੇ ਦੱਸਿਆ ਕਿ ਅੱਜ ਅਸੀਂ ਇਕੱਠੇ ਹੋ ਕੇ ਵਿਧਾਇਕ ਮਲੇਰਕੋਟਲਾ ਦੇ ਦਫ਼ਤਰ ਵਿਖੇ ਆਪਣਾ ਰੋਸ ਪ੍ਰਦਰਸ਼ਨ ਕਰਨ ਆਏ ਸੀ | ਉਨ੍ਹਾਂ ਕਿਹਾ ਕਿ ਜੇਕਰ ਕੂੜੇ ਦਾ ਡੰਪ ਨਹੀਂ ਚੁੱਕਿਆ ਜਾਂਦਾ ਤਾਂ ਅਸੀਂ ਵੱਡੇ ਪੱਧਰ 'ਤੇ ਮਲੇਰਕੋਟਲਾ ਦੇ ਵਿੱਚ ਇਕੱਠੇ ਹੋ ਕੇ ਪ੍ਰਦਰਸ਼ਨ ਕਰਾਂਗੇ | ਦੂਜੇ ਪਾਸੇ ਉੱਥੇ ਮੌਜੂਦ ਸੱਤਾਧਾਰੀ ਧਿਰ ਦੇ ਆਗੂਆਂ ਚੇਅਰਮੈਨ ਜਾਫ਼ਰ ਅਲੀ ਤੇ ਸੀਨੀਅਰ ਆਗੂ ਯਾਸਰ ਅਰਾਫਾਤ ਦਾ ਆਖਣਾ ਹੈ ਕਿ ਇਹ ਕਾਂਗਰਸੀ ਆਗੂ ਬੀਬੀ ਹਲਕਾ ਅਮਰਗੜ੍ਹਵਿੱਚ ਕੰਮ ਕਰਨ ਦੀ ਬਜਾਏ ਮਲੇਰਕੋਟਲਾ ਵਿਖੇ ਆ ਕੇ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਜਦਕਿ ਖੰਨਾ ਮੁੱਖ ਮਾਰਗ ਤੋਂ ਕੂੜੇ ਦੇ ਢੇਰਾਂ ਨੂੰ ਚੁੱਕਣ ਦਾ ਕੰਮ ਚੱਲ ਰਿਹਾ ਹੈ ਤੇ ਮਿੱਟੀ ਵੀ ਪਾਈ ਜਾ ਰਹੀ ਹੈ ਪਰੰਤੂ ਕੁੱਝ ਲੋਕ ਜਾਣ ਬੁੱਝ ਕੇ ਸਿਆਸਤ ਕਰ ਰਹੇ ਹਨ | ਉਨ੍ਹਾਂ ਆਖਿਆ ਕਿ ਸਫ਼ਾਈ ਅਭਿਆਨ ਚੱਲ ਰਿਹਾ ਹੋਣ ਦੇ ਬਾਵਜੂਦ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜਿਸ ਨਾਲ ਸ਼ਹਿਰ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ | ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਕਾਂਗਰਸ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਰਟੌਲ, ਬਲਜਿੰਦਰ ਸਿੰਘ ਖੰਗੂੜਾ ਆਦਿ ਹਾਜ਼ਰ ਸਨ |