ਮਲੇਰਕੋਟਲਾ, 23 ਅਪ੍ਰੈਲ (ਮਨਜਿੰਦਰ ਸਿੰਘ ਸਰੌਦ/ਮੁ.ਹਨੀਫ ਥਿੰਦ) - ਪੰਜਾਬ ਅੰਦਰ ਬਾਕੀ ਖੇਤਰਾਂ ਦੀ ਤਰ੍ਹਾਂ ਸਿੱਖਿਆ ਨੂੰ ਉੱਚਾ ਚੁੱਕਣ ਦੇ ਲਈ ਸੂਬਾ ਸਰਕਾਰ ਵੱਲੋਂ ਅਹਿਮ ਯਤਨ ਕੀਤੇ ਜਾ ਰਹੇ ਹਨ | ਇਹ ਕਹਿਣਾ ਹੈ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦਾ, ਜਿਨ੍ਹਾਂ ਨੇ ਪਿੰਡਾਂ ਅੰਦਰ ਸਰਕਾਰੀ ਸਕੂਲਾਂ ਅੰਦਰ ਬਣੀਆਂ ਇਮਾਰਤਾਂ ਦਾ ਉਦਘਾਟਨ ਕੀਤਾ | ਉਦਘਾਟਨ ਸਮਾਰੋਹ ਸਮੇਂ ਹਲਕਾ ਵਿਧਾਇਕ ਨੇ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅੰਦਰ ਸਿੱਖਿਆ ਕ੍ਰਾਂਤੀ ਰਾਹੀ ਇੱਕ ਨਵਾਂ ਕਲਾ ਇਨਕਲਾਬ ਲਿਆਂਦਾ ਗਿਆ ਹੈ | ਇਸੇ ਕੜੀ ਤਹਿਤ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਪਿੰਡ ਖਾਨਪੁਰ, ਦੁੱਗਰੀ, ਹਥੋਆ, ਹੈਦਰ ਨਗਰ, ਬਾਦਸ਼ਾਹਪੁਰ ਤੇ ਸਰੌਦ ਦੇ ਸਰਕਾਰੀ ਸਕੂਲਾਂ ਵਿੱਚ ਲਗਭਗ 60 ਲੱਖ 96 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ ਵਿਖੇ 10 ਲੱਖ 98 ਹਜ਼ਾਰ ਰੁਪਏ ਦੀ ਲਾਗਤ ਨਾਲ ਸਾਇੰਸ ਲੈਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥੋਆ ਵਿਖੇ 07 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਕਲਾਸ ਰੂਮ, ਸਰਕਾਰੀ ਹਾਈ ਸਕੂਲ ਦੁੱਗਰੀ ਵਿਖੇ 10 ਲੱਖ 98 ਹਜ਼ਾਰ ਰੁਪਏ ਨਾਲ ਸਾਇੰਸ ਲੈਬ, ਸਰਕਾਰੀ ਹਾਈ ਸਕੂਲ ਸਰੌਦ ਵਿਖੇ 10 ਲੱਖ 98 ਹਜ਼ਾਰ ਰੁਪਏ ਨਾਲ ਸਾਇੰਸ ਲੈਬ, ਸਰਕਾਰੀ ਮਿਡਲ ਸਕੂਲ ਹੈਦਰ ਨਗਰ ਵਿਖੇ 13 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਚਾਰਦੀਵਾਰੀ ਤੇ ਸਰਕਾਰੀ ਮਿਡਲ ਸਕੂਲ ਬਾਦਸ਼ਾਹਪੁਰ ਵਿਖੇ 7 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ | ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਆਖਿਆ ਕਿ ਹਰ ਖੇਤਰ ਦੇ ਅੰਦਰ ਨਵੇਂ ਦਿਸਹੱਦੇ ਸਿਰਜੇ ਜਾ ਰਹੇ ਹਨ | ਪਿਛਲੀਆਂ ਸਰਕਾਰਾਂ ਵੱਲੋਂ ਸਿੱਖਿਆ ਨੂੰ ਉੱਚਾ ਚੁੱਕਣ ਦੇ ਲਈ ਕੋਈ ਵੀ ਯਤਨ ਨਹੀਂ ਸੀ ਕੀਤਾ ਪਰ ਮਾਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਉੱਚ ਪਾਏ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਆਖਿਆ ਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਅਜਿਹੇ ਸਕੂਲ ਹਨ ਜਿੱਥੇ ਵਿਦਿਆਰਥੀਆਂ ਨੂੰ ਬੈਠਣ ਲਈ ਛੱਤ ਨਹੀਂ ਸੀ ਤੇ ਨਾ ਹੀ ਕਈ ਸਕੂਲਾਂ ਵਿੱਚ ਅਧਿਆਪਕ ਸਨ ਪਰੰਤੂ ਸਰਕਾਰ ਵੱਲੋਂ ਇਸ ਸਬੰਧੀ ਉਚੇਚਾ ਧਿਆਨ ਦਿੰਦਿਆਂ ਵੱਡੇ ਪ੍ਰਬੰਧ ਕੀਤੇ ਹਨ | ਇਸ ਮੌਕੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਬਾਲੇਵਾਲ, ਵੱਖ-ਵੱਖ ਪਿੰਡਾਂ ਦੇ ਨੁਮਾਇੰਦੇ, ਅਧਿਆਪਕ ਸਾਹਿਬਾਨਾਂ ਤੋਂ ਇਲਾਵਾ ਅਧਿਕਾਰਤ ਪੰਚ ਗੁਰਵਿੰਦਰ ਕੌਰ, ਗੁਰਦੀਪ ਸਿੰਘ, ਲਛਮਣ ਖਾਂ, ਸਾਬਕਾ ਪ੍ਰਧਾਨ ਜਸਪਾਲ ਸਿੰਘ ਰੰਗੀ, ਪ੍ਰਧਾਨ ਸੁਖਵਿੰਦਰ ਸਿੰਘ ਰਟੌਲ, ਜਥੇਦਾਰ ਅਮਰਜੀਤ ਸਿੰਘ, ਪੰਚ ਮਦਨ ਖਾਂ, ਕੁਲਵਿੰਦਰ ਸਿੰਘ ਖਾਲਸਾ, ਨੇਤਰ ਸਿੰਘ ਬਾਵਾ, ਨੰਬਰਦਾਰ ਮੇਜਰ ਸਿੰਘ, ਦਰਸ਼ਨ ਸਿੰਘ, ਸੋਨੀ ਸਿੰਘ, ਪੰਚ ਧੀਰਾ ਰਾਮ, ਗਿਆਨ ਸਿੰਘ ਆਦਿ ਹਾਜ਼ਰ ਸਨ |