ਮਲੇਰਕੋਟਲਾ, 24 ਅਪ੍ਰੈਲ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਡੇਅਰੀ ਫਾਰਮਿੰਗ ਐਸੋਸੀਏਸ਼ਨ ਮਲੇਰਕੋਟਲਾ ਦੀ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਮੁਹੰਮਦ ਅਸਲਮ ਅੱਛੂ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜਥੇਬੰਦੀ ਦੇ ਪ੍ਰਮੁੱਖ ਪਤਵੰਤਿਆਂ ਹਾਜੀ ਬੁੰਦੂ, ਹਾਜੀ ਬਾਬੂ, ਮੁਹੰਮਦ ਅਸਲਮ ਬਿੱਟੂ, ਕਾਕਾ ਮੀਨਾ, ਅੰਜੂ, ਬਾਬੂ ਮੁਸਤਫ਼ਾ, ਬੁੰਦੂ, ਪੱਪੂ ਇਕਬਾਲ, ਮੁਹੰਮਦ ਯਾਮੀਨ ਸਾਨ੍ਹੀ ਸਮੇਤ ਹੋਰ ਮੈਂਬਰਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ 'ਚ ਡੇਅਰੀ ਫਾਰਮਰਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਖੁੱਲ੍ਹ ਕੇ ਚਰਚਾ ਕਰਨ ਉਪਰੰਤ ਮੀਟਿੰਗ ਵਿਚ ਕਿਤੇ ਫ਼ੈਸਲੇ ਸੰਬੰਧੀ ਪ੍ਰਧਾਨ ਅਸਲਮ ਅੱਛੂ ਨੇ ਕਿਹਾ ਕਿ ਪਸ਼ੂਆਂ ਦਾ ਚਾਰਾ ਤੂੜੀ, ਕਣਕ, ਖਲ ਤੇ ਹਰਾ ਚਾਰਾ ਜਿੱਥੇ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਹੈ ਉੱਥੇ ਮਹਿੰਗਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਵਾਲੀ ਲੇਬਰ ਨੇ ਵੀ ਆਪਣੇ ਰੇਟ ਵਧਾ ਦਿੱਤੇ ਹਨ | ਦੁੱਧ ਦੀ ਪੈਦਾਵਾਰ 'ਤੇ ਖਰਚੇ ਬਹੁਤ ਜ਼ਿਆਦਾ ਹੋਣ ਕਾਰਨ ਡੇਅਰੀ ਫਾਰਮਰਜ਼ ਘਾਟੇ ਵੱਲ ਜਾ ਰਹੇ ਹਨ | ਮੌਜੂਦਾ ਬਣੇ ਇਨ੍ਹਾਂ ਹਲਾਤਾਂ 'ਤੇ ਗ਼ੌਰ ਕਰਦੇ ਹੋਏ ਡੇਅਰੀ ਫਾਰਮਰਾਂ ਦੀ ਜਥੇਬੰਦੀ ਨੇ ਮੀਟਿੰਗ 'ਚ ਸਰਬਸੰਮਤੀ ਨਾਲ ਫ਼ੈਸਲਾ ਕਰਦਿਆਂ ਐਲਾਨ ਕੀਤਾ ਹੈ ਕਿ 01 ਮਈ 2026 ਤੋਂ ਦੁੱਧ ਦੀਆਂ ਕੀਮਤਾਂ ਵਧਾਉਂਦੇ ਹੋਏ ਪੰਜ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਵੇਗਾ | ਇਸ ਫ਼ੈਸਲੇ ਨੂੰ ਸਮੂਹ ਹਾਜ਼ਰ ਫਾਰਮਰਜ਼ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ | ਉਨ੍ਹਾਂ ਦੱਸਿਆ ਕਿ ਮੌਜੂਦਾ ਹਾਲਾਤ 'ਚ ਡੇਅਰੀ ਚਲਾਉਣੀ ਬੇਹੱਦ ਮੁਸ਼ਕਿਲ ਹੋ ਗਈ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਜਬੂਰੀ ਨੂੰ ਸਮਝਣ ਅਤੇ ਸਹਿਯੋਗ ਦੇਣ |