ਸੰਗਰੂਰ, 27 ਅਪੈ੍ਰਲ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿਖੇ ਕਹਾਣੀ ਲਿਖਣ ਮੁਕਾਬਲਾ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿਚ ਰਚਨਾਤਮਿਕ ਸੋਚ, ਭਾਸ਼ਾਈ ਪਰਪਕਤਾ ਅਤੇ ਵਿਚਾਰ ਪ੍ਰਗਟ ਕਰਨ ਦੀ ਸਮਰੱਥਾ ਨੂੰ ਹੋਰ ਨਿਖਾਰਨਾ ਸੀ | ਸਕੂਲ ਦੇ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਨੇ ਬੜੀ ਲਗਨ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਨੈਤਿਕ ਮੁੱਲਾਂ, ਵਾਤਾਵਰਣ ਸੰਭਾਲ, ਸਮਾਜਿਕ ਜ਼ਿੰਮੇਵਾਰੀਆਂ, ਦੇਸ਼ਭਗਤੀ ਅਤੇ ਮਨੁੱਖਤਾ ਵਰਗੇ ਵਿਸ਼ਿਆਂ ਉੱਤੇ ਪ੍ਰਭਾਵਸ਼ਾਲੀ ਕਹਾਣੀਆਂ ਲਿਖੀਆਂ | ਪਿ੍ੰਸੀਪਲ ਮਨਦੀਪ ਕੌਰ ਛੰਨਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਹਾਣੀ ਲਿਖਣ ਸਿਰਫ਼ ਇੱਕ ਮੁਕਾਬਲਾ ਨਹੀਂ, ਸਗੋਂ ਬੱਚਿਆਂ ਦੀ ਸੋਚ ਨੂੰ ਨਵੀਂ ਦਿਸ਼ਾ ਦੇਣ ਦਾ ਸਾਧਨ ਹੈ | ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਪੁਸਤਕਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਵਿਦਿਆਰਥੀਆਂ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਵੀ ਮੰਚ ਮਿਲਣਾ ਚਾਹੀਦਾ ਹੈ | ਕਹਾਣੀ ਲਿਖਣ ਵਰਗੇ ਮੁਕਾਬਲੇ ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਨਵੀਂ ਉਡਾਣ ਦਿੰਦੇ ਹਨ | ਸਕੂਲ ਪ੍ਰੈਜ਼ੀਡੈਂਟ ਡਾ. ਸੀਮਾ ਅਰੋੜਾ ਨੇ ਕਿਹਾ ਕਿ ਬੱਚਿਆਂ ਵਿਚ ਛੋਟੀ ਉਮਰ ਤੋਂ ਹੀ ਲੇਖਨ ਕਲਾ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ | ਸੀ.ਈ.ਓ ਭਾਵਨਾ ਪੌਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੇ ਬਹੁਤ ਹੀ ਸੁੰਦਰ ਅਤੇ ਪ੍ਰਭਾਵਸ਼ਾਲੀ ਕਹਾਣੀਆਂ ਲਿਖ ਕੇ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |