ਲਹਿਰਾਗਾਗਾ, 27 ਅਪ੍ਰੈਲ (ਅਸ਼ੋਕ ਗਰਗ)-ਪਿਛਲੇ ਕਈ ਦਿਨਾਂ ਤੋਂ ਬਿਜਲੀ ਵਿਭਾਗ ਵੱਲੋਂ ਪਿੰਡਾਂ ਅੰਦਰ ਘਰੇਲੂ ਬਿਜਲੀ ਸਪਲਾਈ ਦੇ ਲਾਏ ਜਾ ਰਹੇ ਲੰਮੇ ਲੰਮੇ ਤੇ ਅਣਐਲਾਨੇ ਕੱਟਾਂ ਤੋਂ ਦੁਖੀ ਹੋਏ ਦਰਜਨਾਂ ਪਿੰਡਾਂ ਦੇ ਲੋਕਾਂ ਵੱਲੋਂ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਬਿਜਲੀ ਵਿਭਾਗ ਦੀ ਡਵੀਜ਼ਨ ਲਹਿਰਾ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਲਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ , ਪੈੱ੍ਰਸ ਸਕੱਤਰ ਜਤਿੰਦਰ ਸਿੰਘ ਜਲੂਰ, ਮਨਿੰਦਰ ਸਿੰਘ ਲਦਾਲ ਨੇ ਦੱਸਿਆ ਕਿ ਪਿਛਲੇ ਕਰੀਬ 10 ਦਿਨਾਂ ਤੋਂ ਜਦੋਂ ਤੋਂ ਕਣਕ ਦੀ ਵਾਢੀ ਦਾ ਸੀਜਨ ਸ਼ੁਰੂ ਹੋਇਆ ਬਿਜਲੀ ਵਿਭਾਗ ਵੱਲੋਂ ਰਾਤ ਨੂੰ ਲੰਮੇ ਲੰਮੇ ਕੱਟ ਲਾਏ ਜਾ ਰਹੇ ਹਨ, ਕਿਸਾਨ ਮਜ਼ਦੂਰ ਆਪੋ ਆਪਣੇ ਕੰਮਾਂ ਕਾਰਾਂ ਤੋਂ ਥੱਕੇ ਟੁੱਟੇ ਜਦੋਂ ਦੇਰ ਰਾਤ ਘਰ ਆਉਂਦੇ ਹਨ ਤਾਂ ਲਾਈਟ ਨਹੀਂ ਹੁੰਦੀ, ਗਰਮੀ ਤੇ ਮੱਛਰ ਦੇ ਚੱਲਦਿਆਂ ਰਾਤਾਂ ਨੂੰ ਚੈਨ ਦੀ ਨੀਂਦ ਨਹੀਂ ਲੈ ਪਾਉਂਦੇ ਤੇ ਦਿਨ ਦੇ ਵਿੱਚ 14-15 ਘੰਟੇ ਕੰਮ ਕਰਨਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਅਣਐਲਾਨੇ ਕੱਟਾਂ ਦੇ ਖ਼ਿਲਾਫ਼ ਅੱਜ ਐਕਸੀਅਨ ਦਫ਼ਤਰ ਧਰਨਾ ਲਾਇਆ ਗਿਆ ਹੈ, ਜਿਸ ਦੌਰਾਨ ਆਗੂਆਂ ਦੀ ਐਕਸੀਅਨ ਨਾਲ ਹੋਈ ਮੀਟਿੰਗ ਉਪਰੰਤ ਐਕਸੀਅਨ ਮਨੀਸ਼ ਕੁਮਾਰ ਨੇ ਧਰਨੇ ਦੀ ਸਟੇਜ ਤੋਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਿਭਾਗ ਦੀਆਂ ਕੁੱਝ ਮਜਬੂਰੀਆਂ ਦੇ ਚੱਲਦਿਆਂ ਬਿਜਲੀ ਦੇ ਕੱਟ ਸ਼ਾਮ ਦੇ ਸਮੇਂ ਜਾ ਰਾਤ ਦੇ ਸਮੇਂ ਲੱਗ ਰਹੇ ਸੀ ਜਿਸ ਤੋਂ ਲੋਕ ਪ੍ਰੇਸ਼ਾਨ ਸੀ ,ਜਿਸ ਸਬੰਧੀ ਅਸੀਂ ਵੀ ਸਮੇਂ-ਸਮੇਂ ਤੇ ਵਿਭਾਗ ਨੂੰ ਲਿਖ ਰਹੇ ਸੀ | ਉਨ੍ਹਾਂ ਦੱਸਿਆ ਕਿ ਕੱਲ੍ਹ ਵਿਭਾਗ ਵੱਲੋਂ ਬਿਜਲੀ ਵੇਚਣ ,ਖ਼ਰੀਦਣ ਦੇ ਕੁੱਝ ਸਮਝੌਤੇ ਕੀਤੇ ਗਏ ਹਨ ,ਉਨ੍ਹਾਂ ਚ ਬਦਲਾਅ ਵੀ ਹੋਇਆ ਹੈ ਤੇ ਹੁਣ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਦੀ ਰਹੇਗੀ ਤੇ ਕਿਸੇ ਤਰ੍ਹਾਂ ਦੇ ਕੱਟ ਨਹੀਂ ਲਗਾਏ ਜਾਣਗੇ | ਇਸ ਮੌਕੇ ਅਜਾਇਬ ਸਿੰਘ ਲਦਾਲ, ਮਨਜੀਤ ਸਿੰਘ ਖਾਈ, ਬਿੰਦਰ ਲੇਹਲ ਕਲਾਂ ,ਕੁਲਦੀਪ ਸਿੰਘ ਜਵਾਹਰਵਾਲਾ ਵੱਲੋਂ ਵੀ ਧਰਨੇ ਨੂੰ ਸੰਬੋਧਨ ਕੀਤਾ ਗਿਆ | ਇਸ ਮੌਕੇ ਰਘਬੀਰ ਸਿੰਘ ਸਲੇਮਗੜ੍ਹ, ਗੁਰਚਰਨ ਸਿੰਘ ਲੇਹਲ ਕਲਾਂ, ਮਿੱਠੂ ਸਿੰਘ ਭੂਟਾਲ ਕਲਾਂ, ਸੁਖਦੇਵ ਸਿੰਘ ਖੋਖਰ, ਕਿ੍ਸ਼ਨ ਸਿੰਘ ਨੰਗਲਾ, ਮੱਖਣ ਸਿੰਘ ਗਾਗਾ, ਨੈਬ ਸਿੰਘ ਰਾਮਗੜ੍ਹ, ਦਰਸ਼ਨ ਸਿੰਘ ਜਲੂਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਲੋਕ ਹਾਜ਼ਰ ਸਨ |