ਖਨੌਰੀ, 27 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਪੰਜਾਬ ਦੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਖਨੌਰੀ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਐਲਾਨ ਕੀਤਾ ਹੈ ਕਿ ਖਨੌਰੀ ਲਈ 14 ਕਰੋੜ ਰੁਪਏ ਖ਼ਰਚ ਕੇ ਪੀਣ ਲਈ ਸਾਫ਼ ਨਹਿਰੀ ਪਾਣੀ ਦਾ ਪ੍ਰਾਜੈਕਟ ਲਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਨੌਰੀ ਨੂੰ ਸਦਾ ਅੱਖੋਂ ਪਰੋਖੇ ਕਰ ਕੇ ਇੱਥੋਂ ਦੇ ਵਸਨੀਕਾਂ ਨੂੰ ਆਪਣੇ ਹਾਲ'ਤੇ ਛੱਡ ਰੱਖਿਆ ਸੀ ਪ੍ਰੰਤੂ ਮਾਨ ਸਰਕਾਰ ਨੇ ਖਨੌਰੀ ਵਾਸੀਆਂ ਦੀ ਸਾਰ ਲਈ ਹੈ | ਅੱਜ ਖਨੌਰੀ ਵਿਖੇ 1.2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਲੋਕ ਅਰਪਣ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਅੰਮਰੁਤ-02 ਸਕੀਮ ਅਧੀਨ ਖਨੌਰੀ ਵਾਸੀਆਂ ਲਈ ਭਾਖੜਾ ਨਹਿਰ ਵਿੱਚੋਂ ਪਾਣੀ ਲੈ ਕੇ ਉਸ ਨੰੂ ਸਾਫ਼ ਕਰ ਕੇ 24 ਘੰਟੇ ਸੱਤੇ ਦਿਨ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੋਜੈਕਟ ਪਾਸ ਕੀਤਾ ਹੈ ਅਤੇ ਕੁਝ ਦਿਨਾਂ ਅੰਦਰ ਇਸ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਬਰਿੰਦਰ ਗੋਇਲ ਨੇ ਗਲੀਆਂ ਨਾਲੀਆਂ ਤੇ ਹੋਰ ਕੰਮਾਂ ਸਮੇਤ ਇਸ ਮੌਕੇ ਗਊਸ਼ਾਲਾ ਸਾਹਮਣੇ ਪਾਰਕ ਵਿੱਚ 31 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਟਿਊਬਵੈੱਲ ਲਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ | ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਖਨੌਰੀ ਵਾਸੀਆਂ ਦੀ ਬਿਜਲੀ ਸਪਲਾਈ ਦੀ ਸਮੱਸਿਆ ਦੇ ਪੱਕੇ ਹੱਲ ਲਈ ਨਵਾਂ ਬਿਜਲੀ ਗਰਿੱਡ ਵੀ ਪਾਸ ਕਰ ਦਿੱਤਾ ਗਿਆ ਹੈ ਅਤੇ ਇਸ ਲਈ ਡੇਢ ਕਿੱਲਾ ਜ਼ਮੀਨ ਦੀ ਪਛਾਣ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਤੇ ਪੀ ਏ ਰਾਕੇਸ਼ ਕੁਮਾਰ ਗੁਪਤਾ (ਵਿੱਕੀ), ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਵਿਸ਼ਾਲ ਕਾਂਸਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਖਨੌਰੀ, ਰਣਜੀਤ ਸਿੰਘ ਨੰਬਰਦਾਰ, ਤਰਸੇਮ ਸਿੰਗਲਾ, ਠੇਕੇਦਾਰ ਮਹਾਂਵੀਰ ਸਿੰਘ ਕੌਂਸਲਰ, ਸੰਜੇ ਸਿੰਗਲਾ ਹਲਕਾ ਕੋਆਰਡੀਨੇਟਰ, ਜ਼ੋਰਾ ਸਿੰਘ ਉੱਪਲ ਪ੍ਰਧਾਨ ਸਹਾਰਾ ਟਰੱਸਟ ਖਨੌਰੀ, ਕਿ੍ਸ਼ਨ ਗੋਇਲ ਕੌਂਸਲਰ, ਹਰਬੰਸ ਲਾਲ ਸੈਕਟਰੀ, ਅਨੰਤਾ ਰਾਮ ਸਤਪਾਲ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ |