ਖਨੌਰੀ, 3 ਮਈ (ਬਲਵਿੰਦਰ ਸਿੰਘ ਥਿੰਦ) - ਖਨੌਰੀ ਦੇ ਬੱਸ ਸਟੈਂਡ 'ਤੇ ਨਗਰ ਪੰਚਾਇਤ ਖਨੌਰੀ ਵਲੋਂ ਕੇਂਦਰ ਸਰਕਾਰ ਦੀ 'ਸਵੱਛ ਭਾਰਤ ਅਭਿਆਨ' ਸਕੀਮ ਤਹਿਤ ਬਣਾਏ ਗਏ ਪਖਾਨਿਆਂ ਦੇ ਫ਼ਰਸ਼ 'ਤੇ ਲਗਾਈਆਂ ਗਈਆਂ ਟਾਇਲਾਂ ਜਗ੍ਹਾ ਜਗ੍ਹਾ ਤੋਂ ਟੁੱਟ ਜਾਣ ਕਾਰਨ ਇਨ੍ਹਾਂ ਪਖਾਨਿਆਂ ਦੀ ਹਾਲਤ ਖੁੱਲ੍ਹਦੇ ਸਾਰ ਹੀ ਖ਼ਰਾਬ ਹੋਣ ਲੱਗ ਪਈ ਹੈ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਭਿ੍ਸ਼ਟਾਚਾਰ ਰਹਿਤ ਸ਼ਾਸਨ ਦਿੱਤੇ ਜਾਣ ਦੇ ਦਾਅਵਿਆਂ ਦੀ ਫੂਕ ਕੱਢ ਰਹੀ ਹੈ | ਤਕਰੀਬਨ ਤਿੰਨ-ਚਾਰ ਮਹੀਨੇ ਪਹਿਲਾਂ ਸ਼ਹਿਰ ਦੇ ਬੱਸ ਸਟੈਂਡ ਦੇ ਅੰਦਰ ਤਿਆਰ ਹੋਏ ਇਹ ਬਾਥਰੂਮ ਹਾਲੇ ਕੁਝ ਦਿਨ ਪਹਿਲਾਂ ਹੀ ਪਬਲਿਕ ਦੀ ਵਰਤੋਂ ਲਈ ਖੋਲ੍ਹੇ ਗਏ ਸਨ, ਪਰ ਸਿਰਫ਼ ਇੱਕ ਹਫ਼ਤੇ ਦੇ ਅੰਦਰ ਹੀ ਇਨ੍ਹਾਂ ਪਖਾਨਿਆਂ ਦੇ ਫ਼ਰਸ਼ 'ਤੇ ਲਗਾਈਆਂ ਟਾਈਲਾਂ ਭਿ੍ਸ਼ਟਾਚਾਰ ਦੇ ਚੱਲਦਿਆਂ ਥਾਂ-ਥਾਂ ਤੋਂ ਟੁੱਟ ਗਈਆਂ ਹਨ ਅਤੇ ਪਖਾਨਿਆਂ ਦੇ ਅੰਦਰ ਫ਼ਰਸ਼ 'ਤੇ ਬਗੈਰ ਲੇਵਲ ਕੀਤਿਆਂ ਹੀ ਲਗਾ ਕੇ ਪਾਣੀ ਦੀ ਢਲਾਨ ਦਾ ਵੀ ਕੋਈ ਢੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ | ਜਿਸ ਕਾਰਨ ਪਖਾਨਿਆਂ ਦੇ ਅੰਦਰ ਗੰਦਾ ਪਾਣੀ ਖੜਦਾ ਹੈ ਤੇ ਮੁਸਾਫ਼ਿਰਾਂ ਨੂੰ ਪਖਾਨਿਆਂ ਅੰਦਰ ਖੜ੍ਹੇ ਗੰਦੇ ਪਾਣੀ ਵਿਚੋਂ ਦੀ ਗੁਜ਼ਰ ਕੇ ਪੇਸ਼ਾਬ ਵਗ਼ੈਰਾ ਕਰਨ ਦੇ ਲਈ ਜਾਣਾ ਪੈਂਦਾ ਹੈ | ਇਸ ਸੰਬੰਧ ਵਿਚ ਬਸਪਾ ਆਗੂ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਚੋਣ ਲੜ ਚੁੱਕੇ ਰਾਮ ਦਾਸ ਭੁੱਕਲ, ਸੀਨੀਅਰ ਬਸਪਾ ਆਗੂ ਸੁਰਿੰਦਰ ਸਿੰਘ ਸੰਗਰੋਲੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਯੂਥ ਆਗੂ ਹਰਪ੍ਰੀਤ ਸਿੰਘ ਚੋਪੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਪੰਚਾਇਤ ਪ੍ਰਸ਼ਾਸਨ'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਨਗਰ ਪੰਚਾਇਤ ਵਲੋਂ ਸ਼ਹਿਰ ਅੰਦਰ ਕਰਵਾਇਆ ਜਾਂਦਾ ਕੋਈ ਵੀ ਵਿਕਾਸ ਦਾ ਕੰਮ ਘਟੀਆ ਸੋਚ ਦੇ ਚੱਲਦਿਆਂ ਕਥਿਤ ਭਿ੍ਸ਼ਟਾਚਾਰ ਦੀ ਭੇਂਟ ਚੜ੍ਹ ਕੇ ਰਹਿ ਜਾਂਦਾ ਹੈ | ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਅੰਦਰ ਇਹ ਪਖਾਨੇ ਬਣਾਉਣ ਦੇ ਲਈ ਬਿਲਕੁਲ ਹੀ ਘਟੀਆ ਮਟੀਰੀਅਲ ਵਰਤਿਆ ਗਿਆ ਹੈੈ | ਉਕਤ ਆਗੂਆਂ ਨੇ ਦੱਸਿਆ ਕਿ ਤਕਰੀਬਨ 7 ਤੋਂ 8 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਹ ਪਖਾਨੇ ਅੱਠ ਦਿਨ ਵੀ ਢੰਗ ਨਾਲ ਨਹੀਂ ਚੱਲੇ, ਜੋ ਕਿ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਵੱਡਾ ਖਿਲਵਾੜ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਠੇਕੇਦਾਰਾਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਨੇ ਵਿਜੀਲੈਂਸ ਜਾਂਚ ਦੀ ਵੀ ਮੰਗ ਕੀਤੀ, ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਗੜਬੜੀਆਂ ਨੂੰ ਰੋਕਿਆ ਜਾ ਸਕੇ | ਇਸ ਸੰਬੰਧ ਵਿਚ ਨਗਰ ਪੰਚਾਇਤ ਖਨੌਰੀ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਨਾਲ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਦੁਆਰਾ ਫ਼ੋਨ ਰਿਸੀਵ ਨਹੀਂ ਕੀਤੇ ਜਾਣ ਕਾਰਨ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ |