ਸੰਗਰੂਰ, 3 ਮਈ (ਅਮਨਦੀਪ ਸਿੰਘ ਬਿੱਟਾ) - ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਅੱਜ ਪਿੰਡ ਕਾਲਾ ਝਾੜ ਖ਼ੁਰਦ ਦੀ ਸੱਥ ਵਿਚ ਜਾ ਬੈਠੇ, ਸਰਪੰਚ ਸੰਦੀਪ ਦੇ ਘਰ ਚਾਹ ਦਾ ਕੱਪ ਸਾਂਝਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਉਨ੍ਹਾਂ ਦਾ ਸੁੱਖ ਦੁੱਖ ਸਾਂਝਾ ਕੀਤਾ | ਜਵੰਧਾ ਵਲੋਂ ਕਾਲਾਝਾੜ ਪਿੰਡ ਦਾ ਇਹ ਕੋਈ ਰਸਮੀ ਦੌਰਾ ਨਹੀਂ ਸੀ, ਨਾ ਕੋਈ ਲੰਬਾ-ਚੌੜਾ ਪ੍ਰੋਗਰਾਮ ਨਾ ਭਾਸ਼ਣਾਂ ਦੀ ਝੜੀ | ਬੱਸ ਇੱਕ ਸਾਦੀ ਮੁਲਾਕਾਤ ਜਿੱਥੇ ਚਾਹ ਦੇ ਕੱਪ ਦੁਆਲੇ ਪਿੰਡ ਦੇ ਵਿਕਾਸ ਦੀਆਂ ਗੱਲਾਂ ਹੋਈਆਂ | ਪਿੰਡ ਵਾਸੀਆਂ ਨੇ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ - ਟੁੱਟੀਆਂ ਸੜਕਾਂ, ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ, ਗਲੀਆਂ-ਨਾਲੀਆਂ, ਸਟਰੀਟ ਲਾਈਟਾਂ ਅਤੇ ਨੌਜਵਾਨਾਂ ਲਈ ਖੇਡ ਮੈਦਾਨ ਦੀ ਘਾਟ | ਮਿੰਕੂ ਜਵੰਧਾ ਨੇ ਹਰ ਗੱਲ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਇਹ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ | ਮਿੰਕੂ ਜਵੰਧਾ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ 300 ਯੂਨਿਟ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕਾਂ ਰਾਹੀਂ ਸਿਹਤ ਸੇਵਾਵਾਂ, ਸਰਕਾਰੀ ਸਕੂਲਾਂ ਵਿਚ ਆਧੁਨਿਕ ਸੁਧਾਰ ਅਤੇ ਕਿਸਾਨਾਂ ਲਈ ਨਹਿਰੀ ਪਾਣੀ ਵਰਗੀਆਂ ਲੋਕ-ਪੱਖੀ ਯੋਜਨਾਵਾਂ ਲਾਗੂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਪੂਰਾ ਲਾਭ ਪਿੰਡ ਕਾਲਾ ਝਾੜ ਖ਼ੁਰਦ ਤੱਕ ਯਕੀਨੀ ਤੌਰ 'ਤੇ ਪਹੁੰਚਾਇਆ ਜਾਵੇਗਾ | ਸਰਪੰਚ ਸੰਦੀਪ ਨੇ ਕਿਹਾ ਕਿ ਜਦੋਂ ਕੋਈ ਵੱਡਾ ਅਧਿਕਾਰੀ ਪਿੰਡ ਦੇ ਘਰ ਆ ਕੇ ਚਾਹ ਪੀਵੇ ਅਤੇ ਲੋਕਾਂ ਦੀ ਗੱਲ ਸੁਣੇ ਤਾਂ ਭਰੋਸਾ ਆਪਣੇ ਆਪ ਵੱਧਦਾ ਹੈ | ਉਨ੍ਹਾਂ ਕਿਹਾ ਕਿ ਮਿੰਕੂ ਜਵੰਧਾ ਦਾ ਇਹ ਦੌਰਾ ਪਿੰਡ ਵਾਸੀਆਂ ਲਈ ਉਮੀਦ ਦੀ ਨਵੀਂ ਕਿਰਨ ਲੈ ਕੇ ਆਇਆ ਹੈ |