ਧੂਰੀ, 4 ਮਈ (ਸੰਜੇ ਲਹਿਰੀ) - ਦੇਸ਼ ਦੇ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪੱਛਮੀ ਬੰਗਾਲ ਸਮੇਤ ਆਸਾਮ ਅਤੇ ਪਾਂਡੂਚੇਰੀ ਵਿਚ ਭਾਜਪਾ ਵਲੋਂ ਜਿੱਤ ਦੇ ਲਹਿਰਾਏ ਪਰਚਮ ਤੋਂ ਬਾਅਦ ਭਾਜਪਾ ਆਗੂਆਂ ਵਿੱਚ ਭਾਰੀ ਖ਼ੁਸ਼ੀ ਦੀ ਲਹਿਰ ਹੈ ਜਿਸ ਦੇ ਚੱਲਦਿਆਂ ਅੱਜ ਧੂਰੀ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਪ੍ਰੋਫੈਸਰ ਓਾਕਾਰ ਸਿੰਘ, ਜਗਦੇਵ ਜਿੰਦਲ ਜੱਗਾ ਅਤੇ ਰਣਦੀਪ ਸਿੰਘ ਦਿਓਲ ਆਦਿ ਦੀ ਪ੍ਰਧਾਨਗੀ ਵਿਚ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਪ੍ਰੋਫੈਸਰ ਓਾਕਾਰ ਸਿੰਘ, ਰਣਦੀਪ ਸਿੰਘ ਦਿਓਲ, ਸਰਜੀਵਨ ਜਿੰਦਲ ਅਤੇ ਹੋਰ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਨੇ ਪੱਛਮੀ ਬੰਗਾਲ ਵਰਗੇ ਸੂਬੇ ਵਿੱਚ ਮਮਤਾ ਬੈਨਰਜੀ ਦਾ ਮਜ਼ਬੂਤ ਕਿਲ੍ਹਾ ਢਾਹ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੇ ਲੋਕ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਕੰਮ ਕਾਜ ਤੋਂ ਪੂਰੀ ਤਰ੍ਹਾਂ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਆਸਾਮ ਅਤੇ ਪਾਂਡੂਚੇਰੀ ਸੂਬਿਆਂ ਵਿਚ ਵੀ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪੰਜਾਬ ਵਿਚ ਵੀ ਆਪਣੀ ਸਰਕਾਰ ਭਾਰੀ ਬਹੁਮਤ ਨਾਲ ਬਣਾਏਗੀ | ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੱਲ੍ਹ ਤੱਕ ਆਪਣੇ ਹੀ ਪਰਿਵਾਰ ਦੇ ਜਿਹੜੇ ਰਾਜ ਸਭਾ ਮੈਂਬਰ ਵਧੀਆ ਲੱਗਦੇ ਸਨ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਹ ਮਾੜੇ ਲੱਗਣ ਲੱਗ ਪਏ ਹਨ ਅਤੇ ਹੁਣ ਉਨ੍ਹਾਂ ਦੇ ਕਾਰੋਬਾਰਾਂ ਉੱਪਰ ਰੇਡਾਂ ਕਰਵਾ ਕੇ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੈ, ਜੋ ਕਿ ਸਿਰਫ਼ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਹੈ | ਬੁਲਾਰਿਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ ਕਿਉਂਕਿ ਬਦਲਾਅ ਦੇ ਨਾਂ 'ਤੇ ਸੱਤਾ ਵਿਚ ਆਈ ਇਸ ਪਾਰਟੀ ਕੋਲ ਲੋਕਾਂ ਨੂੰ ਗੁਮਰਾਹ ਕਰਨ ਤੋਂ ਸਿਵਾਏ ਕੁੱਝ ਵੀ ਨਹੀਂ ਹੈ | ਇਸ ਮੌਕੇ ਭਾਜਪਾ ਆਗੂਆਂ ਵਿਚ ਸ਼ਾਮਿਲ ਸ੍ਰੀ ਪ੍ਰਦੀਪ ਗਰਗ ਬਰਜੇਸ਼ਵਰ ਗੋਇਲ, ਭਿਭੇਸ਼ ਕੁਮਾਰ ਜਿੰਦਲ, ਨੀਲੂ ਮਿੱਤਲ, ਅਸੀਸ ਕੁਮਾਰ, ਨਵਦੀਪ ਕੁਮਾਰ, ਨਰਪਿੰਦਰ ਜਿੰਦਲ, ਮਾਸਟਰ ਕਪੂਰ, ਰਾਜ ਕੁਮਾਰ ਮੰਨਾ, ਹਨੀ ਲੋਮਸ ਆਦਿ ਵਲੋਂ ਭਾਜਪਾ ਦੀ ਹੋਈ ਇਸ ਭਾਰੀ ਜਿੱਤ ਦੀ ਖ਼ੁਸ਼ੀ ਵਿਚ ਲੱਡੂ ਵੀ ਵੰਡੇ ਗਏ |