ਮਲੇਰਕੋਟਲਾ, 5 ਮਈ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਲੇਰਕੋਟਲਾ ਵਿਖੇ ਲਾਇਨਜ਼ ਕਲੱਬ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਫ਼ਰੰਟ ਲਾਈਨ ਤੋਂ ਲੈ ਕੇ ਸੁਰਖ਼ੀਆਂ ਤੱਕ, ਪੱਤਰਕਾਰ ਸਾਡੇ ਤੱਕ ਸੱਚ ਪਹੁੰਚਾਉਂਦੇ ਹਨ ਵਿਸ਼ੇ 'ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਪੱਤਰਕਾਰਤਾ ਦੇ ਮੌਜੂਦਾ ਚੁਨੌਤੀਆਂ ਤੇ ਭਵਿੱਖੀ ਦਿਸ਼ਾ 'ਤੇ ਚਰਚਾ ਹੋਈ | ਪੱਤਰਕਾਰ ਯੂਨੀਅਨਾਂ ਨੇ ਪ੍ਰੈੱਸ ਦੀ ਆਜ਼ਾਦੀ ਸਬੰਧੀ ਗੰਭੀਰ ਚਿੰਤਾ ਜਤਾਈ | ਉਨ੍ਹਾਂ ਕਿਹਾ ਕਿ ਪੱਤਰਕਾਰਾਂ 'ਤੇ ਵਧ ਰਹੇ ਹਮਲੇ ਤੇ ਵਿਸ਼ਵ ਪ੍ਰੈੱਸ ਫਰੀਡਮ ਇੰਡੈੱਕਸ ਵਿੱਚ ਭਾਰਤ ਦਾ ਲਗਾਤਾਰ ਡਿੱਗਦਾ ਦਰਜਾ ਲੋਕਤੰਤਰ ਲਈ ਚਿੰਤਾਜਨਕ ਸੰਕੇਤ ਹਨ | ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰਾਂ ਨੂੰ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ ਤੇ ਮੀਡੀਆ ਭਾਈਚਾਰੇ ਨੂੰ ਇਕੱਠੇ ਹੋ ਕੇ ਆਪਣੀ ਆਵਾਜ਼ ਮਜ਼ਬੂਤ ਕਰਨੀ ਚਾਹੀਦੀ ਹੈ | ਇਸ ਸਮਾਗਮ ਦੌਰਾਨ ਜ਼ਿਲ੍ਹੇ ਦੇ ਤਿੰਨ ਪ੍ਰਮੁੱਖ ਪੈੱ੍ਰਸ ਕਲੱਬਾਂ ਦੇ ਨੁਮਾਇੰਦਿਆਂ ਨੇ ਆਖਿਆ ਕਿ ਪੱਤਰਕਾਰਤਾ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਵੇਗਾ | ਲਾਈਨਜ਼ ਕਲੱਬ ਮਲੇਰਕੋਟਲਾ ਗ੍ਰੇਟਰ ਦੇ ਪ੍ਰਧਾਨ ਡਾ. ਸੌਰਭ ਕਪੂਰ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਪ੍ਰੈੱਸ ਦੀ ਆਜ਼ਾਦੀ ਬਹੁਤ ਜ਼ਰੂਰੀ ਹੈ | ਉਨ੍ਹਾਂ ਪੱਤਰਕਾਰਾਂ ਨੂੰ ਇੱਕ ਸਾਂਝੇ ਮੰਚ 'ਤੇ ਇਕੱਠੇ ਹੋ ਕੇ ਸਮਾਜ ਦੀਆਂ ਸਮੱਸਿਆਵਾਂ, ਲੋਕਾਂ ਦੀਆਂ ਜ਼ਰੂਰਤਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਇਹ ਦਿਨ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਸੱਚਾਈ, ਪਾਰਦਰਸ਼ਤਾ ਅਤੇ ਜ਼ਿੰਮੇਵਾਰ ਪੱਤਰਕਾਰਤਾ ਪ੍ਰਤੀ ਸਨਮਾਨ ਪ੍ਰਗਟਾਉਣ ਦਾ ਮੌਕਾ ਹੈ | ਇਸ ਮੌਕੇ ਸ਼ਹਿਰ ਦੀਆਂ ਨਾਮੀ ਹਸਤੀਆਂ ਤੇ ਪੱਤਰਕਾਰ ਮੌਜੂਦ ਸਨ |