ਸੁਨਾਮ ਊਧਮ ਸਿੰਘ ਵਾਲਾ, 5 ਮਈ (ਭੁੱਲਰ, ਧਾਲੀਵਾਲ) - ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਵਿਚ ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਪੱਛਮੀ ਬੰਗਾਲ ਵਿਚ ਭਾਜਪਾ ਦੀ ਹੋਈ ਹੂੰਝਾ ਫੇਰੂ ਜਿੱਤ ਦੀ ਖ਼ੁਸ਼ੀ ਵਿਚ ਜਸ਼ਨ ਮਨਾਏ ਗਏ ਅਤੇ ਲੱਡੂ ਵੰਡੇ ਗਏ | ਦਾਮਨ ਬਾਜਵਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਟੀ ਐਮ ਸੀ ਆਗੂ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਿ੍ਸ਼ਟਾਚਾਰ ਅਤੇ ਵਧੀਕੀਆਂ ਤੋਂ ਤੰਗ ਆ ਚੁੱਕੇ ਸਨ | ਜਿਸ ਕਾਰਨ ਉੱਥੋਂ ਦੇ ਵੋਟਰਾਂ ਨੇ ਭਾਜਪਾ ਦੇ ਹੱਕ ਵਿਚ ਫ਼ਤਵਾ ਦਿੱਤਾ | ਉਨ੍ਹਾਂ ਕਿਹਾ ਹੁਣ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਵੀ ਭਾਜਪਾ ਇਕੱਲਿਆਂ ਹੀ ਆਪਣੇ ਬਲਬੂਤੇ ਵੱਡੀ ਜਿੱਤ ਹਾਸਲ ਕਰ ਕੇ ਆਪਣੀ ਸਰਕਾਰ ਬਣਾਏਗੀ | ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਰਿਸ਼ੀਪਾਲ ਖੇਰਾ, ਰਾਜੀਵ ਮੱਖਣ, ਸੰਜੇ ਗੋਇਲ ਖਡਿਆਲੀਆ, ਐਡਵੋਕੇਟ ਅੰਮਿ੍ਤਰਾਜਦੀਪ ਸਿੰਘ ਚੱਠਾ, ਅਸ਼ੋਕ ਗੋਇਲ, ਘਣਸ਼ਿਆਮ ਕਾਂਸਲ, ਸ਼ਕਤੀ ਗਰਗ, ਪ੍ਰੇਮ ਗੁਗਲਾਨੀ, ਸ਼ੰਕਰ ਬਾਂਸਲ, ਜਰਨੈਲ ਸਿੰਘ ਢੋਟ, ਯੁਗੇਸ਼ ਕੁਮਾਰ ਅਤੇ ਸੁਰੇਸ਼ ਕੁਮਾਰ ਆਦਿ ਮੌਜੂਦ ਸਨ |