ਸੰਗਰੂਰ, 6 ਮਈ (ਧੀਰਜ ਪਸ਼ੌਰੀਆ) - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜਨਗਣਨਾ ਪਰਫਾਰਮੇ ਵਿੱਚ ਗੈਰ ਸੰਵਿਧਾਨਿਕ ਜਾਤੀ ਵਰਤਣ ਨੂੰ ਲੈ ਕੇ ਜਨਗਣਨਾ ਕਲਿਆਣ ਵਿਭਾਗ ਪੰਜਾਬ ਨੂੰ ਨੋਟਿਸ ਜਾਰੀ ਕਰ ਕੇ 13 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ | ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਅਖ਼ਬਾਰ ਵਿੱਚ 'ਵਾਲਮੀਕੀ ਮਜ਼੍ਹਬੀ ਸਿੱਖ ਸਭਾ ਵੱਲੋਂ ਜਨਗਣਨਾ ਪਰਫਾਰਮੇ ਤੇ ਗੈਰ ਸੰਵਿਧਾਨਿਕ ਜਾਤੀ ਵਰਤਣ ਤੇ ਭਾਰੀ ਰੋਸ ਸਿਰਲੇਖ ਤਹਿਤ ਪ੍ਰਕਾਸ਼ਿਤ ਖ਼ਬਰ ਸਬੰਧੀ ਕਮਿਸ਼ਨ ਨੇ ਨੋਟਿਸ ਲੈਂਦੇ ਹੋਏ ਪੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧੀ ਸੁਣਵਾਈ ਲਈ 13 ਮਈ 2026 ਦੀ ਤਰੀਕ ਨਿਰਧਾਰਿਤ ਕੀਤੀ ਗਈ ਹੈ | ਡਾਇਰੈਕਟਰ ਜਨਗਣਨਾ ਕਲਿਆਣ ਵਿਭਾਗ ਪੰਜਾਬ ਨੂੰ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਸਬੰਧੀ ਤੱਥ ਅਤੇ ਸੂਚਨਾ ਦੀ ਰਿਪੋਰਟ ਦੋ ਪੜਤਾਂ ਵਿੱਚ ਨੋਡਲ ਅਫ਼ਸਰ ਰਾਹੀਂ ਨਿੱਜੀ ਪੱਧਰ ਤੇ ਹਾਜ਼ਰ ਹੋ ਕੇ 13 ਮਈ ਨੂੰ ਕਮਿਸ਼ਨ ਕੋਲ ਪੇਸ਼ ਕੀਤੀ ਜਾਵੇ |