ਛਾਜਲੀ, 13 ਮਈ (ਅਜਾਇਬ ਸਿੰਘ ਨੀਲੋਵਾਲ)- ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਵਿਖੇ ਇਕ ਪੋਲਟਰੀ ਫਾਰਮ 'ਤੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਫਾਰਮ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਫਾਰਮ ਮਾਲਕ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੋਲਟਰੀ ਫਾਰਮ ਪੂਰੀ ਤਰ੍ਹਾਂ ਤਿਆਰ ਸੀ ਅਤੇ ਅੰਦਰ ਨਿਪਲ ਸਿਸਟਮ, ਪੋਲੀ ਸ਼ੀਟਾਂ, ਤਰਪਾਲਾਂ, ਇੰਸੂਲੇਸ਼ਨ ਅਤੇ ਤਾਰਾਂ ਆਦਿ ਲੱਗੀਆਂ ਹੋਈਆਂ ਸਨ | ਉਨ੍ਹਾਂ ਦੱਸਿਆ ਕਿ 11 ਮਈ ਦੀ ਰਾਤ ਕਰੀਬ ਸਾਢੇ 10 ਵਜੇ ਕਿਸੇ ਅਣਪਛਾਤੇ ਸ਼ਰਾਰਤੀ ਵਿਅਕਤੀ ਵੱਲੋਂ ਪੈਟਰੋਲ ਪਾ ਕੇ ਅੱਗ ਲਗਾਈ ਗਈ ਹੋਣ ਦਾ ਸ਼ੱਕ ਹੈ | ਉਸ ਸਮੇਂ ਫਾਰਮ 'ਤੇ ਕੋਈ ਮਜ਼ਦੂਰ ਮੌਜੂਦ ਨਹੀਂ ਸੀ ਅਤੇ ਉਹ ਖ਼ੁਦ ਪਿੰਡ ਤੋਂ ਬਾਹਰ ਸਨ | ਗੁਆਂਢ ਦੇ ਲੋਕਾਂ ਨੇ ਅੱਗ ਦਾ ਚਾਨਣ ਦੇਖ ਕੇ ਤੁਰੰਤ ਸੂਚਨਾ ਦਿੱਤੀ | ਪਿੰਡ ਵਾਸੀਆਂ ਨੇ ਮਿੱਟੀ ਅਤੇ ਪਾਣੀ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਵੱਡੇ ਜਾਨੀ ਨੁਕਸਾਨ ਤੋਂ ਬਚਾਵ ਕੀਤਾ | ਵਿੰਟੂ ਸਿੰਘ ਨੇ ਦੱਸਿਆ ਕਿ ਕਰੀਬ 10 ਤੋਂ 15 ਨੌਜਵਾਨਾਂ ਨੇ ਮਿਲ ਕੇ ਅੱਗ ਬੁਝਾਈ | ਫਾਰਮ ਮਾਲਕ ਅਨੁਸਾਰ ਇਸ ਘਟਨਾ 'ਚ ਕਰੀਬ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |