ਸੰਗਰੂਰ, 14 ਮਈ (ਸੁਖਵਿੰਦਰ ਸਿੰਘ ਫੁੱਲ)- ਹੁਣ ਪਟਿਆਲਾ ਸੰਗਰੂਰ ਰੋਡ ਦੀ ਆਵਾਜਾਈ ਨੂੰ ਭਵਾਨੀਗੜ੍ਹ ਵਿਖੇ ਟਰੈਫ਼ਿਕ ਵਿਚ ਫਸਣਾ ਨਹੀਂ ਪਵੇਗਾ, ਸਗੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਭਵਾਨੀਗੜ੍ਹ ਸ਼ਹਿਰ ਲਈ ਇੱਕ ਫਲਾਈਓਵਰ ਪ੍ਰਵਾਨ ਹੋ ਗਿਆ ਹੈ | ਇਨਫੋਟੈਕ ਪੰਜਾਬ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਿੰਮਤ ਕਰ ਕੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗੜਕਰੀ ਤੋਂ ਚਿਰੋਕਣੀ ਮੰਗ ਪੂਰੀ ਕਰਵਾ ਦਿੱਤੀ ਹੈ | ਡਾ. ਜਵੰਧਾ ਨੇ ਦੱਸਿਆ ਕਿ ਅਕਾਲੀ ਸਰਕਾਰ ਵੇਲੇ ਇਹ ਫਲਾਈਓਵਰ ਪ੍ਰਵਾਨ ਹੋ ਗਿਆ ਸੀ ਪਰ ਕਿਸੇ ਸਿਆਸੀ ਆਗੂ ਨੇ ਇਸ ਪ੍ਰੋਜੈਕਟ ਨੂੰ ਖ਼ਤਮ ਕਰਵਾ ਦਿੱਤਾ ਸੀ | ਉਸ ਸਮੇਂ ਤੋਂ ਲੋਕ ਇਸ ਫਲਾਈਓਵਰ ਦੀ ਮੰਗ ਕਰਦੇ ਆ ਰਹੇ ਸਨ | ਉਨ੍ਹਾਂ ਦੱਸਿਆ ਕਿ ਭਵਾਨੀਗੜ੍ਹ ਤੋਂ ਕੋਟ ਸ਼ਮੀਰ ਤੱਕ ਚਹੁੰਮਾਰਗੀ ਸੜਕ ਦੀ ਪ੍ਰਵਾਨਗੀ ਮਿਲਣਾ ਇਸ ਇਲਾਕੇ ਲਈ ਵੱਡੀ ਗੱਲ ਹੈ | ਇਹ ਸੜਕ ਭਵਾਨੀਗੜ੍ਹ ਤੋਂ ਸੁਨਾਮ, ਚੀਮਾ, ਭਿੱਖੀ, ਮਾਨਸਾ ਕੈਂਚੀਆਂ, ਮੌੜ ਰਾਹੀਂ ਕੋਟ ਸ਼ਮੀਰ ਤੱਕ ਹੋਵੇਗੀ | ਡਾ. ਜਵੰਧਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹੋਰ ਪ੍ਰੋਜੈਕਟਾਂ ਦੇ ਨਾਲ-ਨਾਲ ਮਲੇਰਕੋਟਲਾ-ਬਰਨਾਲਾ ਸੜਕ ਨੂੰ ਵੀ ਵਾਇਆ ਸ਼ੇਰਪੁਰ ਚਹੁੰਮਾਰਗੀ ਕਰਨ ਦੀ ਪ੍ਰਵਾਨਗੀ ਲੈ ਲਈ ਹੈ ਜਿਸ ਨਾਲ ਮਲੇਰਕੋਟਲਾ ਤੋਂ ਬਰਨਾਲਾ ਲਈ ਜਾਂ ਬਰਨਾਲਾ ਤੋਂ ਮਲੇਰਕੋਟਲਾ ਲਈ ਆਉਣ-ਜਾਣ ਵਾਸਤੇ ਸੰਗਰੂਰ ਰਾਹੀਂ ਆਉਣ ਦੀ ਲੋੜ ਨਹੀਂ ਪੈਣੀ |