11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਝੋਨੇ ਦੀਆਂ ਸਿਫ਼ਾਰਿਸ਼ ਕਿਸਮਾਂ ਤੇ ਖ਼ਾਦਾਂ ਦੀ ਸੰਤੁਲਿਤ ਵਰਤੋਂ ਕਰਨ ਕਿਸਾਨ- ਡਾ. ਅਸ਼ੋਕ ਕੁਮਾਰ ਗਰਗ

Ad Position 21
No active advertisement
ਖੇਤੀ ਬੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ | ਤਸਵੀਰ: ਭੁੱਲਰ <br/> 17-05-2026
ਧੂਰੀ, 16 ਮਈ (ਸੁਖਵੰਤ ਸਿੰਘ ਭੁੱਲਰ)-ਰਸਾਇਣਕ ਖ਼ਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ (ਐਫ.ਏ.ਐਸ.ਸੀ.) ਸੰਗਰੂਰ ਵੱਲੋਂ ਪਿੰਡ ਢਢੋਗਲ ਵਿਖੇ ਝੋਨੇ ਅਤੇ ਬਾਸਮਤੀ ਦੀਆਂ ਸਿਫ਼ਾਰਿਸ਼ ਕਿਸਮਾਂ, ਮਿੱਟੀ ਪਰਖ ਆਧਾਰਿਤ ਖਾਦ ਪ੍ਰਬੰਧਨ ਅਤੇ ਫਾਸਫੋਰਸ ਖਾਦ ਦੀ ਸੁਚੱਜੀ ਵਰਤੋਂ ਸਬੰਧੀ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਵਿਚ 50 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ | ਕੈਂਪ ਦੀ ਅਗਵਾਈ ਕਰਦੇ ਹੋਏ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ, ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ 'ਤੇ ਹੀ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨਾਲ ਨਾ ਸਿਰਫ਼ ਖੇਤੀ ਦੀ ਲਾਗਤ ਘਟਦੀ ਹੈ, ਸਗੋਂ ਫ਼ਸਲ ਦੀ ਪੈਦਾਵਾਰ ਅਤੇ ਮਿੱਟੀ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ | ਉਨ੍ਹਾਂ ਮੌਕੇ 'ਤੇ ਹੀ ਮਿੱਟੀ ਦੇ ਨਮੂਨੇ ਲੈਣ ਦੀ ਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਖ਼ੁਦ ਨਮੂਨਾ ਲੈ ਕੇ ਕਿਸਾਨਾਂ ਨੂੰ ਪ੍ਰਯੋਗਾਤਮਿਕ ਤਰੀਕੇ ਨਾਲ ਸਮਝਾਇਆ | ਡਾ. ਗਰਗ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿਚ ਡੀ.ਏ.ਪੀ. ਖਾਦ ਦੀ ਅਣਸੁਝੀ ਵਰਤੋਂ ਤੋਂ ਬਚਣ ਅਤੇ ਯੂਰੀਆ ਖਾਦ ਦੀ ਵੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਕੱਦੂ ਕਰਨ ਤੋਂ ਪਹਿਲਾਂ ਯੂਰੀਆ ਦੇ 2-3 ਥੈਲੇ ਵਰਤਣ ਦੀ ਪ੍ਰਥਾ ਤੋਂ ਗੁਰੇਜ਼ ਕਰਨ ਲਈ ਕਿਹਾ | ਉਨ੍ਹਾਂ ਝੋਨੇ ਵਿਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਸਿਫ਼ਾਰਿਸ਼ ਕੀਤੀ ਮਾਤਰਾ ਅਨੁਸਾਰ ਹੀ ਜ਼ਿੰਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ | ਜੈਵਿਕ ਖਾਦਾਂ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਗਰਗ ਨੇ ਕਿਹਾ ਕਿ ਝੋਨੇ ਦੀ ਪੌਦ ਨੂੰ ਲੱਗਣ ਵਾਲਾ ਐਜ਼ੋਸਪਾਇਰਲਮ ਫ਼ਸਲ ਦੀ ਪੈਦਾਵਾਰ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਜੈਵਿਕ ਸਿਹਤ ਸੁਧਾਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ | ਉਨ੍ਹਾਂ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਸਿਫ਼ਾਰਿਸ਼ ਖਾਦਾਂ ਅਤੇ ਹੋਰ ਪ੍ਰਬੰਧਕੀ ਸਿਫ਼ਾਰਿਸ਼ਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਮਿੱਟੀ ਦੀ ਸਿਹਤ ਸੁਧਾਰਨ ਲਈ ਹਰੀ ਖਾਦਾਂ ਜਿਵੇਂ ਜੰਤਰ ਅਤੇ ਸਣ ਦੀ ਕਾਸ਼ਤ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਦੌਰਾਨ ਡਾ. ਗਰਗ ਨੇ ਝੋਨੇ ਦੀ ਪਨੀਰੀ ਵਿਚ ਬੌਣੇ ਬੂਟਿਆਂ ਦੇ ਰੋਗ ਦੀ ਪਛਾਣ ਅਤੇ ਰੋਕਥਾਮ ਸਬੰਧੀ ਸਿਫ਼ਾਰਿਸ਼ਾਂ ਵੀ ਸਾਂਝੀਆਂ ਕੀਤੀਆਂ ਅਤੇ ਕਿਸਾਨਾਂ ਨੂੰ ਪਨੀਰੀ ਦੀ ਨਿਯਮਿਤ ਨਿਗਰਾਨੀ ਕਰਨ ਲਈ ਪ੍ਰੇਰਿਆ | ਡਾ. ਗਰਗ ਨੇ ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਕੀਤੀਆਂ ਝੋਨੇ ਦੀਆਂ ਕਿਸਮਾਂ ਜਿਵੇਂ ਪੀ.ਆਰ. 131, ਪੀ.ਆਰ. 132 ਅਤੇ ਪੀ.ਆਰ. 126 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਨਵੀਂ ਕਿਸਮ ਪੀ.ਆਰ. 133 ਬਾਰੇ ਦੱਸਦੇ ਹੋਏ ਕਿਹਾ ਕਿ ਇਹ ਕਿਸਮ ਲੁਆਈ ਤੋਂ ਬਾਅਦ ਲਗਭਗ 111 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਪ੍ਰਤੀ ਏਕੜ ਲਗਭਗ 30.5 ਕੁਇੰਟਲ ਝਾੜ ਦਿੰਦੀ ਹੈ | ਬਾਸਮਤੀ ਦੀਆਂ ਕਿਸਮਾਂ ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1847 ਵਿਚ ਖਾਦਾਂ ਦੀ ਲੋੜ ਅਤੇ ਝੰਡਾ ਰੋਗ ਦੀ ਰੋਕਥਾਮ ਲਈ ਬੀਜ ਸੋਧ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਕਿਸਾਨਾਂ ਨੂੰ ਪੀਏਯੂ ਲੁਧਿਆਣਾ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਦਾ ਗਿਆਨ ਪ੍ਰਦਾਨ ਕੀਤਾ ਗਿਆ ਅਤੇ ਪੇਂਡੂ ਵਿਦਿਆਰਥੀਆਂ ਨੂੰ ਪੀਏਯੂ ਲੁਧਿਆਣਾ ਵਿਚ ਦਾਖਲਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ | ਕੈਂਪ ਲਾਉਣ ਵਿਚ ਸ. ਸਤਨਾਮ ਸਿੰਘ (ਚੇਅਰਮੈਨ), ਸ. ਅਮਰਜੀਤ ਸਿੰਘ (ਪ੍ਰਧਾਨ), ਸ. ਅਮਨਦੀਪ ਸਿੰਘ (ਕਮੇਟੀ ਮੈਂਬਰ), ਸ. ਬਿੱਕਰ ਸਿੰਘ (ਮੀਤ ਪ੍ਰਧਾਨ) ਅਤੇ ਸ. ਸਰਬਜੀਤ ਸਿੰਘ (ਸੈਕਟਰੀ) ਢਢੋਗਲ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਿਟਡ ਨੇ ਵਿਸ਼ੇਸ਼ ਯੋਗਦਾਨ ਪਾਇਆ | ਅੰਤ ਵਿਚ ਕਿਸਾਨਾਂ ਲਈ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫ਼ਾਰਿਸ਼ ਕੀਤੇ ਪੀ.ਆਰ. 126 ਦੇ ਬੀਜ, ਐਜ਼ੋਸਪਾਇਰਲਮ ਟੀਕੇ, ਖੇਤੀ ਸਾਹਿਤ ਆਦਿ ਦੀ ਵਿਕਰੀ ਵੀ ਕੀਤੀ ਗਈ | ਕੈਂਪ ਦੌਰਾਨ ਕਿਸਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਤਰਤੀਬ-ਬੱਧ ਅਤੇ ਵਿਗਿਆਨਕ ਢੰਗ ਨਾਲ ਜਵਾਬ ਦਿੱਤੇ ਗਏ | ਕਿਸਾਨਾਂ ਨੇ ਮਿੱਟੀ ਪਰਖ ਕਰਵਾਉਣ ਅਤੇ ਸਿਫਾਰਿਸ਼ੀ ਖਾਦ ਪ੍ਰਬੰਧਨ ਅਪਣਾਉਣ ਲਈ ਭਰਪੂਰ ਰੁਚੀ ਵੀ ਦਿਖਾਈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਕੁਰੜ ਦਾ ਬਾਰ੍ਹਵੀਂ ਅਤੇ ਦਸਵੀਂ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਪਿੰਡ ਟੱਲੇਵਾਲ ਵਿਖੇ ਪੀ. ਏ. ਯੂ ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਜਾਗਰੂਕਤਾ ਕੈਂਪ <br/>
Ad Position 24