21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕਿਸਾਨਾਂ ਤੋਂ ਕਰਜ਼ੇ ਦੀ ਪੂਰੀ ਵਸੂਲੀ ਬਾਅਦ ਵੀ ਤੰਗ ਪ੍ਰੇਸ਼ਾਨ ਕਰਨ ਵਾਲੇ ਮੈਨੇਜਰਾਂ 'ਤੇ ਹੋਵੇ ਸਖ਼ਤ ਕਾਰਵਾਈ - ਰਣ ਸਿੰਘ ਚੱਠਾ

Ad Position 21
No active advertisement
ਅਜੀਤ ਡੈਸਕ 19-05-2026
ਸੁਨਾਮ ਊਧਮ ਸਿੰਘ ਵਾਲਾ, 18 ਮਈ (ਭੁੱਲਰ, ਧਾਲੀਵਾਲ, ਸੱਗੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਸੁਨਾਮ ਨੂੰ ਜਿੰਦਰਾ ਮਾਰ ਕੇ ਚੱਲ ਰਿਹਾ ਅਣਮਿਥੇ ਸਮੇਂ ਦਾ ਧਰਨਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਕਿਸਾਨ ਸ਼ਾਹੂਕਾਰਾਂ ਦੇ ਚੁੰਗਲ ਤੋਂ ਬਚਣ ਲਈ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈ ਕੇ ਖੇਤੀਬਾੜੀ ਕਰਦਾ ਹੈ, ਪਰ ਇਨ੍ਹਾਂ ਬੈਂਕਾਂ ਵੱਲੋਂ ਕਿਸਾਨਾਂ ਤੋਂ ਕਥਿਤ ਤੌਰ 'ਤੇ ਵੀਹ-ਵੀਹ ਗੁਣਾ ਵਿਆਜ ਸਮੇਤ ਵਸੂਲੀ ਕਰਨ ਤੋਂ ਬਾਅਦ ਹੀ ਕਲੀਅਰੈਂਸ ਸਰਟੀਫਿਕੇਟ ਦਿੱਤੇ ਜਾ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਸਰਟੀਫਿਕੇਟ ਲੈਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਇਨ੍ਹਾਂ ਬੈਂਕਾਂ ਵੱਲੋਂ ਧੋਖੇ ਨਾਲ ਜ਼ਮੀਨੀ ਫ਼ਰਦਾਂ ਵਿੱਚ ਐਂਟਰੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਤੋਂ ਲਏ ਗਏ ਖ਼ਾਲੀ ਚੈੱਕਾਂ ਨੂੰ ਅਦਾਲਤ ਵਿੱਚ ਲਗਾ ਕੇ ਉਨ੍ਹਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ | ਰਣ ਸਿੰਘ ਚੱਠਾ ਨੇ ਕਿਹਾ ਕਿ ਪਿੰਡ ਹਰੀ ਨੌਂ ਦੇ ਦੋ ਭਰਾਵਾਂ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਇਸੇ ਲੁੱਟ-ਖਸੁੱਟ ਦਾ ਸਬੂਤ ਹੈ | ਉਨ੍ਹਾਂ ਆਖਿਆ ਕਿ ਹਰੀ ਨੌਂ ਵਾਲਾ ਮਾਮਲਾ ਧੋਖਾਧੜੀ ਦਾ ਹੈ, ਜਿਸ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਸਜ਼ਾ ਦਿਵਾਉਣ ਤੇ ਕਿਸਾਨਾਂ ਤੋਂ ਕਰਜ਼ੇ ਦੀ ਪੂਰੀ ਵਸੂਲੀ ਕਰਨ ਬਾਅਦ ਵੀ ਤੰਗ ਪ੍ਰੇਸ਼ਾਨ ਕਰਨ ਵਾਲੇ ਮੈਨੇਜਰਾਂ ਖ਼ਿਲਾਫ਼ ਸਖਤ ਕਾਰਵਾਈ ਕਰਵਾਉਣ ਲਈ ਯੂਨੀਅਨ ਵੱਲੋਂ 30 ਮਾਰਚ ਤੋਂ ਫ਼ਰੀਦਕੋਟ ਬੈਂਕ ਦੇ ਅੱਗੇ ਤੇ 11 ਮਈ ਤੋਂ ਹੋਰ 12 ਜ਼ਿਲਿਆਂ ਵਿੱਚ ਪੱਕਾ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਮਿ੍ਤਕ ਕਿਸਾਨ ਭਰਾਵਾਂ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਬਜਾਏ ਭਿ੍ਸ਼ਟ ਅਫ਼ਸਰਸ਼ਾਹੀ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ | ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਕਿਸਾਨ ਯੂਨੀਅਨ ਕਿਸੇ ਵੀ ਕੀਮਤ 'ਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਣ ਦੇਵੇਗੀ | ਇਸ ਮੌਕੇ ਕੇਵਲ ਸਿੰਘ ਜਵੰਧਾਂ, ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਹਰੀ ਸਿੰਘ ਚੱਠਾ, ਨਾਇਬ ਸਿੰਘ ਜਖੇਪਲ, ਗੁਰਚਰਨ ਸਿੰਘ ਨਮੋਲ, ਹਰੀ ਸਿੰਘ ਅਕਬਰਪੁਰ, ਕੇਸਰ ਸਿੰਘ ਜਵੰਧਾਂ, ਦਲੇਲ ਸਿੰਘ ਚੱਠਾ, ਕਿ੍ਸ਼ਨ ਸਿੰਘ ਨੰਗਲਾ, ਨਾਹਰ ਸਿੰਘਜੀਤ ਸ਼ਾਹਪੁਰ ਕਲਾਂ, ਛਿੰਦਾ ਸਿੰਘ ਨਮੋਲ, ਭੋਲਾ ਸਿੰਘ ਚੱਠਾ, ਕਾਲਾ ਸਿੰਘ ਜਵੰਧਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਫਾਰਮੇਸੀ ਦੇ ਵਿਰੋਧ 'ਚ ਕੱਲ੍ਹ੍ਹ ਨੂੰ ਕੈਮਿਸਟਾਂ ਦੀ ਮੁਕੰਮਲ ਹੜਤਾਲ ਅਗਲੀ ਖ਼ਬਰ 18ਵਾਂ ਵਿਸ਼ਾਲ ਲੰਗਰ 23 ਤੋਂ
Ad Position 24