ਸੁਨਾਮ ਊਧਮ ਸਿੰਘ ਵਾਲਾ, 20 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੁਨਾਮ ਦੇ ਆਗੂ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਪੈੱ੍ਰਸ ਬਿਆਨ ਜਰੀਏ ਕਿਹਾ ਕਿ ਕਿਸਾਨ ਮੰਡੀਆਂ ਵਿਚ ਆੜ੍ਹਤੀਆਂ ਰਾਹੀਂ ਵੇਚੀ ਗਈ ਆਪਣੀ ਕਣਕ ਦੀ ਅਦਾਇਗੀ ਦੀ ਰਕਮ ਲੈਣ ਲਈ ਸਟੇਟ ਬੈਂਕ ਆਫ਼ ਇੰਡੀਆ ਦੀ ਜਖੇਪਲ ਸ਼ਾਖਾ 'ਚ ਖੱਜਲ-ਖੁਆਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਬੈਂਕ ਵਿਚ ਲੰਮਾ ਸਮਾਂ ਲਾਇਨ ਵਿਚ ਖੜ੍ਹਨ ਉਪਰੰਤ ਕਰਮਚਾਰੀਆਂ ਵਲੋਂ ਕਿਸਾਨਾਂ ਨੂੰ ਬੈਂਕ ਵਿਚ ਕੈਸ਼ (ਰਕਮ) ਨਾ ਹੋਣ ਦਾ ਜਵਾਬ ਦੇ ਦਿੱਤਾ ਜਾਂਦਾ ਹੈ | ਇਨ੍ਹਾਂ ਹੀ ਨਹੀ ਬੈਂਕ ਵਿਚ ਨਾ ਤਾਂ ਕਿਸਾਨਾਂ ਦੇ ਬੈਠਣ ਦਾ ਹੀ ਕੋਈ ਖ਼ਾਸ ਪ੍ਰਬੰਧ ਹੈ ਅਤੇ ਨਾ ਪੀਣ ਵਾਲੇ ਪਾਣੀ ਦਾ ਕਿਉਂਕਿ ਜੋ ਵਾਟਰ ਕੂਲਰ ਲੱਗਿਆ ਹੋਇਆ ਹੈ | ਉਹ ਬੈਂਕ ਦੇ ਵਿਚ ਹੈ ਪਰ ਬੈਂਕ ਖਿੜਕੀ ਤੋਂ ਅੱਗੇ ਕਿਸਾਨਾਂ ਨੂੰ ਜਾਣ ਤੋਂ ਰੋਕ ਲਿਆ ਜਾਂਦਾ ਹੈ | ਉਨ੍ਹਾਂ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਕਿਸਾਨਾਂ ਦੀ ਕਣਕ ਦੀ ਫ਼ਸਲ ਦੀ ਬਣਦੀ ਰਕਮ ਤੁਰੰਤ ਦੇਣ, ਕਿਸਾਨਾਂ ਦੇ ਬੈਠਣ ਅਤੇ ਛਾਂ ਦਾ ਪ੍ਰਬੰਧ ਕਰਨ ਅਤੇ ਵਾਟਰ ਕੂਲਰ ਕਿਸੇ ਢੁਕਵੀਂ ਥਾਂ ਲਾਉਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਬੈਂਕ ਅਧਿਕਾਰੀਆਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਨਾ ਲਿਆ ਗਿਆ ਤਾਂ ਕਿਸਾਨ ਬੈਂਕ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ | ਜਦੋਂ ਇਸ ਮਸਲੇ ਨੂੰ ਲੈ ਕੇ ਬੈਂਕ ਮੈਨੇਜਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ |