ਧੂਰੀ, 20 ਮਈ (ਲਖਵੀਰ ਸਿੰਘ ਧਾਂਦਰਾ) - ਅਧਿਆਪਕ ਦਲ ਪੰਜਾਬ ਦੇ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾਈ ਪ੍ਰਧਾਨ ਸਤਨਾਮ ਸਿੰਘ ਰੰਧਾਵਾ, ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂ, ਸੂਬਾਈ ਆਗੂ ਅਵਤਾਰ ਸਿੰਘ ਢਢੋਗਲ, ਜ਼ਿਲ੍ਹਾ ਪ੍ਰਧਾਨ ਨਰਪਿੰਦਰ ਸਿੰਘ ਖਹਿਰਾ ਤੇ ਜਨਰਲ ਸਕੱਤਰ ਲਖਵੀਰ ਸਿੰਘ ਸੁਨਾਮ ਨੇ ਪੰਜਾਬ ਵਿੱਚ ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਕਾਰਨ ਸਕੂਲਾਂ ਵਿੱਚ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ | ਆਗੂਆਂ ਨੇ ਕਿਹਾ ਕਿ ਗਰਮੀ ਨੇ ਮਈ ਮਹੀਨੇ ਵਿੱਚ ਹੀ ਜੂਨ ਵਰਗਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਸੂਬੇ ਦੇ ਕਈ ਹਿੱਸਿਆਂ ਵਿੱਚ ਪਾਰਾ 47 ਡਿਗਰੀ ਸੈਲਸੀਅਸ ਤੱਕ ਪਹੁੰਚਣ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਇਸ ਗਰਮੀ ਨੇ ਸਕੂਲੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਚਿੰਤਾ 'ਚ ਭਾਰੀ ਵਾਧਾ ਕਰ ਦਿੱਤਾ ਹੈ | ਦੁਪਹਿਰ ਵੇਲੇ ਜਦੋਂ ਸਕੂਲਾਂ ਦੀ ਛੁੱਟੀ ਹੁੰਦੀ ਹੈ, ਉਸ ਵੇਲੇ ਸੂਰਜ ਦੀ ਤਪਸ਼ ਆਪਣੇ ਸਿਖਰ 'ਤੇ ਹੁੰਦੀ ਹੈ | ਲਗਾਤਾਰ ਵਧ ਰਹੀ ਗਰਮੀ ਕਾਰਨ ਬੱਚਿਆਂ ਵਿੱਚ ਡੀਹਾਈਡਰੇਸ਼ਨ, ਪਾਣੀ ਦੀ ਕਮੀ ਤੇ ਲੂ ਲੱਗਣ ਦੇ ਖ਼ਤਰੇ ਨੂੰ ਦੇਖਦੇ ਹੋਏ ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਜਾਣ ਤਾਂ ਜੋ ਬੱਚੇ ਦੁਪਹਿਰ ਦੀ ਤਪਸ਼ ਤੋਂ ਬਚ ਸਕਣ |