ਜਖੇਪਲ, 20 ਮਈ (ਮੇਜਰ ਸਿੰਘ ਸਿੱਧੂ) - ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਿਆ ਜਖੇਪਲ ਵਿਖੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਮੈਰੀਟੋਰੀਅਸ ਵਿਦਿਆਰਥੀਆਂ ਲਈ ਵਿੱਦਿਅਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ 'ਚ ਸ਼ਿਵ ਸਿੰਘ ਲੈਕ. ਪੋਲੀਟੀਕਲ ਸਾਇੰਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਖੇਪਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪਿ੍ੰਸੀਪਲ ਸ੍ਰੀ ਦਰਸ਼ਨ ਖਾਨ ਨੇ ਉਨ੍ਹਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ | ਸਮਾਰੋਹ ਦੌਰਾਨ ਮੁੱਖ ਮਹਿਮਾਨ ਨੇ ਆਪਣੇ ਸੰਘਰਸ਼ ਭਰੇ ਜੀਵਨ ਦੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਮਿਹਨਤ, ਲਗਨ ਅਤੇ ਇੱਕਾਗਰਤਾ ਨਾਲ ਭਵਿੱਖ ਵਿਚ ਉੱਤਮ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਪਿ੍ੰ. ਦਰਸ਼ਨ ਖਾਨ ਨੇ ਵੱਖ-ਵੱਖ ਜਮਾਤਾਂ ਵਿਚ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਤੇ ਕਿਹਾ ਕਿ ਅਜਿਹੇ ਸਮਾਰੋਹ ਵਿਦਿਆਰਥੀਆਂ ਵਿਚ ਲਗਨ, ਉਤਸ਼ਾਹ ਅਤੇ ਆਤਮ ਵਿਸ਼ਵਾਸ ਵਧਾਉਣ ਵਾਲੇ ਹੁੰਦੇ ਹਨ | ਇਹ ਉਨ੍ਹਾਂ ਲਈ ਇੱਕ ਵੱਡਾ ਹੌਂਸਲਾ ਅਫਜ਼ਾਈ ਵਾਲਾ ਪਲ ਹੁੰਦਾ ਹੈ | ਸਮਾਰੋਹ ਵਿਚ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਆਪਣੀਆਂ ਧੀਆਂ ਦੀਆਂ ਉਪਲਬਧੀਆਂ ਤੇ ਖੁਸ਼ੀ ਜ਼ਾਹਿਰ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਭਾਸ਼ਣ, ਕੋਰੀਓਗ੍ਰਾਫੀ ਅਤੇ ਕਵਿਤਾ ਪੇਸ਼ ਕਰ ਕੇ ਸਭ ਨੂੰ ਮੋਹ ਲਿਆ | ਸਮਾਰੋਹ ਨੂੰ ਸਫਲ ਬਣਾਉਣ ਵਿਚ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਵੀ ਯੋਗਦਾਨ ਪਾਇਆ | ਪਿ੍ੰਸੀਪਲ ਦਰਸ਼ਨ ਖਾਨ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ, ਸਟਾਫ਼ ਅਤੇ ਮਾਪਿਆਂ ਦਾ ਧੰਨਵਾਦ ਕੀਤਾ |