ਭਵਾਨੀਗੜ੍ਹ, 22 ਮਈ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਪਿੰਡ ਸਕਰੌਦੀ ਦੇ ਇਕ ਵਿਅਕਤੀ ਵਲੋਂ ਜ਼ਮੀਨ 'ਤੇ ਲਏ ਹੋਏ ਲੋਨ ਨੂੰ ਜਾਅਲੀ ਕਲੀਅਰੈਂਸ ਸਰਟੀਫਿਕੇਟ ਤਿਆਰ ਕਰ ਕੇ ਮਾਲ ਰਿਕਾਰਡ 'ਚੋਂ ਬੈਂਕ ਲੋਨ ਕਲੀਅਰ ਕਰਵਾ ਲੈਣ ਕਾਰਨ ਪੁਲਿਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜਾਬ ਗ੍ਰਾਮੀਣ ਬੈਂਕ ਬਰਾਂਚ ਪਿੰਡ ਗਹਿਲਾਂ ਦੇ ਮੈਨੇਜਰ ਆਸਾ ਗੁਪਤਾ ਵਲੋਂ ਲਿਖਤੀ ਸ਼ਿਕਾਇਤ ਆਈ ਸੀ ਜਿਸ 'ਚ ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਪੁੱਤਰ ਸੁਰਿੰਦਰਜੀਤ ਸਿੰਘ ਵਾਸੀ ਸਕਰੌਦੀ ਵਲੋਂ ਉਨ੍ਹਾਂ ਦੀ ਬੈਂਕ ਤੋਂ 12 ਬੀਘੇ ਜ਼ਮੀਨ 'ਤੇ 11 ਲੱਖ ਰੁਪਿਆਂ ਦਾ ਕਰਜ਼ਾ ਲਿਆ ਹੋਇਆ ਸੀ ਜਿਸ ਵੱਲ ਕਰੀਬ 6 ਲੱਖ ਰੁਪਏ ਤੇ ਵਿਆਜ ਬੈਂਕ ਦਾ ਬਕਾਇਆ ਹਾਲੇ ਵੀ ਪਿਆ ਹੈ | ਉਨ੍ਹਾਂ ਸ਼ਿਕਾਇਤ 'ਚ ਦੱਸਿਆ ਕਿ ਉਕਤ ਵਿਅਕਤੀ ਵਲੋਂ ਇਕ ਜਾਅਲੀ ਕਲੀਅਰੈਸ ਸਰਟੀਫਿਕੇਟ ਤਿਆਰ ਕਰ ਕੇ ਮਾਲ ਰਿਕਾਰਡ 'ਚੋਂ ਬੈਂਕ ਦਾ ਲੋਨ ਕਲੀਅਰ ਕਰਵਾ ਲਿਆ ਹੈ | ਇਸ ਤਿਆਰ ਕੀਤੇ ਗਏ ਸਰਟੀਫਿਕੇਟ 'ਤੇ ਨਾ ਤਾਂ ਬੈਕ ਦੀ ਅਸਲ ਮੋਹਰ ਹੈ ਤੇ ਨਾ ਹੀ ਬੈਂਕ ਦੇ ਕਿਸੇ ਅਧਿਕਾਰੀ ਦੇ ਸਹੀ ਹਸਤਾਖ਼ਰ ਹਨ | ਇਹ ਮੋਹਰ ਤੇ ਹਸਤਾਖ਼ਰ ਦੋਵੇਂ ਹੀ ਜਾਅਲੀ ਹਨ | ਇਸ ਦਾ ਪਤਾ ਚੱਲਦਿਆਂ ਹੀ ਬੈਂਕ ਮੈਨੇਜਰ ਵਲੋਂ ਸਥਾਨਕ ਤਹਿਸੀਲਦਾਰ ਨੂੰ ਲਿਖਤੀ ਸ਼ਿਕਾਇਤ ਕਰਨ 'ਤੇ ਉਨ੍ਹਾਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਹੋਏ ਬੈਂਕ ਦੇ ਲੋਨ ਨੂੰ ਦੁਬਾਰਾ ਤੋਂ ਮਾਲ ਰਿਕਾਰਡ 'ਚ ਬੈਂਕ ਦੇ ਨਾਂਅ 'ਤੇ ਦਰਜ ਕਰ ਦਿੱਤਾ ਹੈ | ਸਥਾਨਕ ਪੁਲਿਸ ਵਲੋਂ ਬੈਂਕ ਮੈਨੇਜਰ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਹੋਏ ਰਵਿੰਦਰ ਸਿੰਘ ਪੁੱਤਰ ਸੁਰਿੰਦਰਜੀਤ ਸਿੰਘ ਵਾਸੀ ਸਕਰੌਦੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |