ਸੁਨਾਮ ਊਧਮ ਸਿੰਘ ਵਾਲਾ, 22 ਮਈ (ਧਾਲੀਵਾਲ, ਭੁੱਲਰ)-ਸਥਾਨਕ ਵਾਰਡ ਨੰਬਰ-20 ਤੋਂ ਆਜ਼ਾਦ ਉਮੀਦਵਾਰ ਘਣਸ਼ਿਆਮ ਕਾਂਸਲ ਨੂੰ ਪੁਰਾਣੀ ਅਨਾਜ ਮੰਡੀ ਦੇ ਨਾਜਾਇਜ਼ ਕਾਰਜਕਾਰ ਦੱਸ ਕੇ ਨਾਮਜ਼ਦਗੀ ਕਾਗ਼ਜ਼ ਰੱਦ ਕਰਵਾਉਣ ਦਾ ਮਸਲਾ ਭਖਦਾ ਜਾ ਰਿਹਾ ਹੈ | ਇਸ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਰਵਿੰਦਰ ਸਿੰਘ ਚੀਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਕਾਂਗਰਸ ਦੇ ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ, ਰਜਿੰਦਰ ਦੀਪਾ ਆਦਿ ਨੇ ਸਾਂਝੀ ਕਾਨਫ਼ਰੰਸ ਕਰ ਕੇ ਇਹ ਅਹਿਦ ਲਿਆ ਕਿ ਪੁਰਾਣੀ ਅਨਾਜ ਮੰਡੀ ਦੇ ਘਟਨਾਕ੍ਰਮ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਵਲੋਂ ਇਕਜੁੱਟ ਹੋਕੇ ਸੁਨਾਮ ਦੇ ਸਾਰੇ ਦੇ ਸਾਰੇ ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣਗੇ | ਇਸ ਸਮੇਂ ਆਗੂਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੇ 20 ਨੰਬਰ ਵਾਰਡ 'ਚੋਂ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਬਹੁਤ ਮਾੜੀ ਪਿਰਤ ਪਾਈ ਹੈ ਪਰ ਇਸ ਦਾ ਖ਼ਮਿਆਜ਼ਾ ਪੁਰਾਣੀ ਅਨਾਜ ਮੰਡੀ ਦੇ ਸਮੂਹ ਦੁਕਾਨਦਾਰ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੁਗਤਣਾ ਪਵੇਗਾ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਮੰਡੀ ਦਾ ਕੋਈ ਦੁਕਾਨਦਾਰ ਜਾਂ ਉਸ ਦਾ ਪਰਿਵਾਰਿਕ ਮੈਂਬਰ ਕੋਈ ਵਿਧਾਨਕ ਚੋਣ ਨਹੀ ਲੜ ਸਕੇਗਾ | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਰਾਫ਼ਤ ਦਾ ਮਖੌਟਾ ਪਾਕੇ ਵਿਰੋਧੀ ਉਮੀਦਵਾਰਾਂ ਨੂੰ ਦਬਾਉਣ ਅਤੇ ਹਰਾਉਣ ਲਈ ਹੋਛੇ ਹੱਥਕੰਡੇ ਵਰਤ ਰਹੇ ਹਨ | ਇਸ ਸਮੇਂ ਮੰਡੀ ਦੇ ਗਦਾਰਾਂ ਤੇ ਕੈਬਨਿਟ ਮੰਤਰੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕੁਲਦੀਪ ਸਿੰਘ ਸੰਧੂ, ਬਰਮਾ ਨੰਦ ਬਿੱਟੀ, ਸ਼ੇਰਵਿੰਦਰ ਸਿੰਘ ਧਾਲੀਵਾਲ, ਰਾਣਾ ਬਾਲਟੀਆਂ ਵਾਲਾ ਤੇ ਸ਼ਕਤੀ ਬਾਂਗਰੂ ਆਦਿ ਮੌਜੂਦ ਸਨ |