ਧੂਰੀ, 22 ਮਈ (ਸੰਜੇ ਲਹਿਰੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤ, ਸਿੱਖਿਆ ਤੇ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਰੰਗਲਾ ਪੰਜਾਬ ਬਣਾਉਣ ਲਈ ਜੋ ਮੁਹਿੰਮ ਵਿੱਢੀ ਗਈ ਸੀ ਉਸ ਦੇ ਸਾਰਥਿਕ ਨਤੀਜੇ ਮਿਲਣੇ ਸ਼ੁਰੂ ਹੋ ਗਏ ਹਨ | ਇਹ ਪ੍ਰਗਟਾਵਾ ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਦੌਰਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐਸ. ਡੀ. ਸੁਖਵੀਰ ਸਿੰਘ ਸੁੱਖੀ ਨੇ ਕਿਹਾ ਕਿ ਧੂਰੀ ਵਿਖੇ ਬਣੀ ਪਹਿਲੀ ਵਾਤਾਨਕੂਲ ਲਾਇਬ੍ਰੇਰੀ ਵਿਚ ਆਉਣ ਵਾਲੇ ਦਿਨਾਂ ਵਿਚ ਧੂਰੀ ਇਲਾਕੇ ਦੇ ਵਿਦਿਆਰਥੀਆਂ ਲਈ ਯੂ. ਪੀ. ਐਸ. ਸੀ. ਵਰਗੇ ਵੱਕਾਰੀ ਟੈੱਸਟਾਂ ਦੀ ਪੜ੍ਹਾਈ ਮੁਫ਼ਤ ਕਰਵਾਈ ਜਾਵੇਗੀ | ਇਸ ਕਾਰਜ ਲਈ ਪੰਜਾਬ ਸਰਕਾਰ ਦੇ ਇਕ ਪੀ. ਸੀ. ਐਸ. ਤੇ ਪੀ. ਪੀ. ਐਸ. ਅਧਿਕਾਰੀ ਨੇ ਸਵੈ ਇੱਛਾ ਨਾਲ ਬੱਚਿਆਂ ਨੂੰ ਮੁਫ਼ਤ ਸਿਖਲਾਈ ਦੇਣ ਦੀ ਪਹਿਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਅਜਿਹੇ ਟੈੱਸਟਾਂ ਲਈ ਲੋੜੀਂਦੀਆਂ ਕਿਤਾਬਾਂ ਵੀ ਲਾਇਬ੍ਰੇਰੀ ਵਿਚ ਉਪਲਬਧ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਧੂਰੀ ਸ਼ਹਿਰ ਵਿਚੋਂ ਮਿਲ ਰਹੇ ਪਿਆਰ ਸਤਿਕਾਰ ਦੇ ਚੱਲਦਿਆਂ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੌਸਲੇ ਹੋਰ ਬੁਲੰਦ ਹੋਏ ਹਨ ਉਥੇ ਹੀ ਉਨ੍ਹਾਂ ਵਲੋਂ ਧੂਰੀ ਦੇ ਵਿਕਾਸ ਕਾਰਜਾਂ ਲਈ ਹੋਰ ਵੱਡੇ ਪੱਧਰ ਤੇ ਦਿਲ ਖੋਲ੍ਹ ਕੇ ਗਰਾਂਟਾਂ ਦੇਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਤੋਂ ਬਾਅਦ ਧੂਰੀ ਵਿਖੇ ਰਿਕਾਰਡ ਤੋੜ ਵਿਕਾਸ ਕਰਵਾ ਕੇ ਧੂਰੀ ਇਲਾਕੇ ਦੇ ਲੋਕਾਂ ਦਾ ਪਿਆਰ ਸਤਿਕਾਰ ਤੇ ਕਦੇ ਵੀ ਨਾ ਉੱਤਰਨ ਵਾਲਾ ਕਰਜ਼ ਉਤਾਰਨ ਦਾ ਇਕ ਉਪਰਾਲਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਜਾਵੇਗਾ | ਉਨ੍ਹਾਂ ਧੂਰੀ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਧੂਰੀ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੇ ਉਮੀਦਵਾਰਾਂ ਨੂੰ ਵੱਡੀ ਲੀਡ ਤੇ ਜਿਤਾਉਣ ਦੀ ਗੱਲ ਆਖਦਿਆਂ ਕਿਹਾ ਕਿ 'ਆਪ' ਦਾ ਸੀ. ਐਮ. ਤੇ 'ਆਪ' ਦਾ ਐਮ. ਸੀ. ਹੋਣ ਦੇ ਨਾਲ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜਾਂ ਵਿਚ ਵੱਡੀ ਤੇਜ਼ੀ ਆਵੇਗੀ | ਇਸ ਮੌਕੇ ਬਲਵਿੰਦਰ ਸਿੰਘ ਮਿੰਟੂ, ਸਤੀਸ਼ ਕੁਮਾਰ ਬੂਟਾ ਆੜ੍ਹਤੀ, ਸ਼ਮੀ ਕੁਮਾਰ ਆੜ੍ਹਤੀ, ਮੁਨੀਸ਼ ਕੁਮਾਰ ਰਿੰਕੂ, ਨਰੇਸ਼ ਗੁਪਤਾ, ਬਲਰਾਮ ਗੁਪਤਾ, ਰਮੇਸ਼ ਕੁਮਾਰ ਪੱਪਾ ਅਤੇ ਅਸ਼ੋਕ ਕੁਮਾਰ ਬਾਂਸਲ ਆਦਿ ਹਾਜ਼ਰ ਸਨ |