ਲਹਿਰਾਗਾਗਾ, 24 ਮਈ (ਅਸ਼ੋਕ ਗਰਗ) - ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਲਿਆਂਦੇ ਗਏ ਕ੍ਰਾਂਤੀਕਾਰੀ ਬਦਲਾਅ ਨੇ ਸੂਬੇ ਦੀ ਦਸ਼ਾ ਅਤੇ ਦਿਸ਼ਾ ਬਦਲ ਦਿੱਤੀ ਹੈ, ਸਿਖਿਆ ਕ੍ਰਾਂਤੀ ਦੇ ਤਹਿਤ ਜਿੱਥੇ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਉੱਥੇ ਹੀ ਵਿਦਿਆਰਥੀ ਵਧ ਚੜ੍ਹ ਕੇ ਸਰਕਾਰੀ ਸਕੂਲਾਂ 'ਚ ਦਾਖਲਾ ਲੈ ਰਹੇ ਹਨ ਕਿਉਂਕਿ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਹੋ ਰਿਹਾ ਹੈ ਤੇ ਹਰ ਖੇਤਰ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮੱਲਾਂ ਮਾਰ ਰਹੇ ਹਨ | ਇਸ ਗੱਲ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਨਗਰ ਕੌਂਸਲ ਪ੍ਰਧਾਨ ਤੇ ਮਹਿਲਾ ਅਗਰਵਾਲ ਸਭਾ ਦੇ ਸੂਬਾ ਪ੍ਰਧਾਨ ਕਾਂਤਾ ਗੋਇਲ ਦੇ ਨਾਲ ਬਾਰ੍ਹਵੀਂ ਜਮਾਤ ਦੇ ਘੋਸ਼ਿਤ ਨਤੀਜੇ 'ਚੋਂ ਹਲਕਾ ਲਹਿਰਾਗਾਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੂਡੀਆਂ ਦੇ ਵਿਦਿਆਰਥੀ ਸੁਰਿੰਦਰ ਸਿੰਘ ਪੁੱਤਰ ਅਮਰਦਾਸ ਸਿੰਘ ਜਿਸ ਨੇ ਸੂਬਾ ਪੱਧਰੀ ਮੈਰਿਟ ਵਿਚ 9ਵਾਂ ਸਥਾਨ ਹਾਸਲ ਕੀਤਾ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਦੀਹਰੀ /ਰਾਏਧਰਾਨਾ ਦੀ ਵਿਦਿਆਰਥਣ ਗਗਨਦੀਪ ਕੌਰ, ਜਿਸ ਨੇ 500 ਅੰਕਾਂ 'ਚੋਂ 485 ਅੰਕ ਪ੍ਰਾਪਤ ਕਰ ਕੇ ਸੂਬਾ ਪੱਧਰੀ ਮੈਰਿਟ 'ਚ 16ਵਾਂ ਸਥਾਨ ਹਾਸਲ ਕੀਤਾ ਹੈ, ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਮੰਤਰੀ ਗੋਇਲ ਨੇ ਦਾਅਵਾ ਕੀਤਾ ਕਿ ਉਹ ਦਿਨ ਦੂਰ ਨਹੀਂ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਹਰ ਖੇਤਰ ਵਿਚ ਦੇਸ਼ ਦਾ ਨੰਬਰ ਇੱਕ ਸੂਬਾ ਬਣ ਜਾਵੇਗਾ | ਇਸ ਮੌਕੇ ਮੰਤਰੀ ਗੋਇਲ ਦੇ ਭਰਾ ਨਰਿੰਦਰ ਗੋਇਲ, ਡੀ.ਐਸ.ਪੀ ਪਲਵਿੰਦਰ ਸਿੰਘ, ਓ.ਐਸ.ਡੀ ਰਕੇਸ਼ ਕੁਮਾਰ ਗੁਪਤਾ ਵਿੱਕੀ, ਹਰਪਾਲ ਸਿੰਘ ਕੋਆਰਡੀਨੇਟਰ ਹਲਕਾ ਲਹਿਰਾ, ਨੈਬ ਸਿੰਘ ਪਿੰਡ ਰਾਏਧਰਾਨਾ, ਸੁਖਦਰਸ਼ਨ ਸ਼ਰਮਾ ਬਲਾਕ ਸਮਤੀ ਮੈਂਬਰ, ਅਜੈਬ ਸਿੰਘ ਪਿੰਡ ਰਾਏਧਰਾਨਾ ਮੌਜੂਦ ਸਨ |