ਸੰਗਰੂਰ, 25 ਮਈ (ਸੁਖਵਿੰਦਰ ਸਿੰਘ ਫੁੱਲ) - ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਸੰਗਰੂਰ ਦੀਆਂ 4 ਨਗਰ ਕੌਂਸਲਾਂ, ਸੁਨਾਮ, ਧੂਰੀ, ਭਵਾਨੀਗੜ੍ਹ ਅਤੇ ਲੌਂਗੋਵਾਲ ਦੀਆਂ ਚੋਣਾਂ ਵਿਚ ਕੁੱਲ 74 ਵਾਰਡਾਂ ਵਿਚੋਂ 67 ਵਾਰਡਾਂ ਵਿਚ ਚੋਣ 26 ਮਈ ਨੂੰ ਕਰਵਾਉਣ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਲੈਣ ਦਾ ਦਾਅਵਾ ਕੀਤਾ ਗਿਆ ਹੈ | ਡਿਪਟੀ ਕਮਿਸ਼ਨਰ ਸੰਗਰੂਰ ਡਾ. ਪੂਨਮਦੀਪ ਕੌਰ ਨੇ ਦੱਸਿਆ 7 ਵਾਰਡਾਂ ਦੀ ਚੋਣ ਬਿਨਾਂ ਮੁਕਾਬਲੇ ਹੋ ਚੁੱਕੀ ਹੈ ਜਿਨ੍ਹਾਂ ਵਿਚ ਸੁਨਾਮ ਦੇ 2 ਅਤੇ ਧੂਰੀ ਦੇ 5 ਵਾਰਡ ਸ਼ਾਮਿਲ ਹਨ | ਇਸ ਤਰ੍ਹਾਂ ਸੁਨਾਮ ਦੇ 23 ਵਿਚੋਂ 21, ਧੂਰੀ ਦੇ 21 ਵਿਚੋਂ 16, ਭਵਾਨੀਗੜ੍ਹ ਦੇ 15 ਅਤੇ ਲੌਂਗੋਵਾਲ ਦੇ 15 ਵਾਰਡਾਂ ਵਿਚ ਚੋਣ ਲਈ ਵੋਟਾਂ ਪੈਣਗੀਆਂ | ਇਨ੍ਹਾਂ 67 ਵਾਰਡਾਂ ਲਈ 122 ਚੋਣ ਬੂਥ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ 14 ਵਾਰਡ ਸੰਵੇਦਨਸ਼ੀਲ ਅਤੇ 21 ਵਾਰਡ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ | ਉਨ੍ਹਾਂ ਦੱਸਿਆ ਕਿ ਕੁੱਲ 1 ਲੱਖ 13 ਹਜ਼ਾਰ 472 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਜਿਨ੍ਹਾਂ ਵਿਚ 58 ਹਜ਼ਾਰ 931 ਪੁਰਸ਼ ਵੋਟਰ ਅਤੇ 54 ਹਜ਼ਾਰ 532 ਅÏਰਤ ਵੋਟਰ ਸ਼ਾਮਲ ਹਨ | ਇਨ੍ਹਾਂ ਚੋਣਾਂ ਵਿਚ 9 ਟਰਾਂਸਜੇਂਡਰ ਵੋਟਰ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ | ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਨਾਲ ਸਬੰਧਤ ਤਿੰਨ ਮੰਤਰੀ ਹਰਪਾਲ ਸਿੰਘ ਚੀਮਾ, ਬਰਿੰਦਰ ਗੋਇਲ ਅਤੇ ਅਮਨ ਅਰੋੜਾ, ਵਿਧਾਇਕ ਨਰਿੰਦਰ ਕੌਰ ਭਰਾਜ, ਇੰਨਫੋਟੈੱਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ, ਵਿਰੋਧੀ ਧਿਰ ਵਿਚੋਂ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਜੈਇੰਦਰ ਸਿੰਗਲਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਵਿਨਰਜੀਤ ਸਿੰਘ ਗੋਲਡੀ, ਦਾਮਨ ਥਿੰਦ ਬਾਜਵਾ, ਰਜਿੰਦਰ ਸਿੰਘ ਰਾਜਾ ਬੀਰ ਕਲਾਂ ਅਤੇ ਹੋਰਨਾਂ ਵਲੋਂ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਕਈ ਦਿਨ ਚੋਣ ਮੁਹਿੰਮ ਭਖਾਈ ਗਈ | ਸੁਨਾਮ ਦੇ ਕੁੱਲ 23 ਵਿਚੋਂ 21 ਵਾਰਡਾਂ ਵਿਚ ਹੋ ਰਹੀਆਂ ਚੋਣਾਂ ਦੌਰਾਨ ਉੱਥੇ ਵਿਰੋਧੀ ਧਿਰਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲ ਗਿਆ ਹੈ | ਅਕਾਲੀ ਦਲ ਦੇ ਵਿਨਰਜੀਤ ਸਿੰਘ ਗੋਲਡੀ ਅਤੇ ਕਾਂਗਰਸ ਦੇ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਦਾ ਕਹਿਣਾ ਹੈ ਕਿ ਚੋਣ ਜਿੱਤਣ ਦੇ ਸਮਰਥ 13 ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਨਾ ਹੁੰਦੇ ਤਾਂ ਸੱਤਾਧਾਰੀ ਧਿਰ ਲਈ ਚੋਣ ਨਤੀਜੇ ਬੜੇ ਨਮੋਸ਼ੀਜਨਕ ਹੋ ਸਕਦੇ ਸਨ | ਇਸ ਸ਼ਹਿਰ ਵਿਚ ਨਾਮਵਰ ਸ਼ਖ਼ਸੀਅਤ ਘਣਸ਼ਿਆਮ ਕਾਂਸਲ ਦੇ ਕਾਗ਼ਜ਼ ਰੱਦ ਹੋਣ ਕਾਰਨ ਪੈਦਾ ਹੋਇਆ ਵਿਰੋਧ ਲਗਾਤਾਰ ਜਾਰੀ ਹੈ | ਬੇਸ਼ੱਕ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਵਾਰ ਵਾਰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਅਨਾਜ ਮੰਡੀ ਦੇ ਵਸਨੀਕਾਂ ਨੂੰ ਰਾਹਤ ਦਿੱਤੀ ਜਾਵੇਗੀ | ਉੱਧਰ ਪ੍ਰਸ਼ਾਸਨ ਵਲੋਂ ਪੋਲਿੰਗ ਬੂਥਾਂ ਦੇ 200 ਮੀਟਰ ਦਾਇਰੇ ਵਿਚ ਪ੍ਰਾਈਵੇਟ ਵਾਹਨਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ | ਅੱਜ ਪੋਲਿੰਗ ਪਾਰਟੀਆਂ ਆਪੋ ਆਪਣੇ ਪੋਲਿੰਗ ਸਟੇਸ਼ਨ ਲਈ ਰਵਾਨਾ ਹੋ ਗਈਆਂ, ਜਿੱਥੇ ਸਵੇਰੇ ਚੋਣਾਂ ਹੋਣੀਆਂ ਹਨ | ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਚੋਣਾਂ ਵਾਲੇ ਚਾਰੇ ਸ਼ਹਿਰਾਂ ਵਿਚ ਪੁਲਿਸ ਵਲੋਂ ਫਲੈਗ ਮਾਰਚ ਕਰ ਕੇ ਲੋਕਾਂ ਨੂੰ ਆਪਣੀਆਂ ਵੋਟਾਂ ਬਗੈਰ ਕਿਸੇ ਡਰ ਤੋਂ ਪਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਕਿਸੇ ਮਾੜੇ ਅਨਸਰ ਨੂੰ ਨਜਿੱਠਣ ਲਈ ਪੁਲਿਸ ਵਲੋਂ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ |