ਮੂਨਕ, 25 ਮਈ (ਕੇਵਲ ਸਿੰਗਲਾ, ਪ੍ਰਵੀਨ ਮਦਾਨ) - ਅਕਾਲੀ ਪਰੰਪਰਾ ਹਮੇਸ਼ਾ ਨਿਮਰਤਾ ਭਰੀ ਜ਼ਬਾਨ ਅਤੇ ਤਿੱਖੇ ਸਿਧਾਂਤ ਨਾਲ ਗੱਲ ਕਰਦੀ ਆਈ ਹੈ | ਉਸੇ ਜੋਸ਼ ਅਤੇ ਉਸੇ ਮਰਿਆਦਾ ਨੂੰ ਅੱਗੇ ਰੱਖਦੇ ਹੋਏ ਹਲਕਾ ਲਹਿਰਾ ਗਾਗਾ ਦੇ ਯੂਥ ਆਗੂ ਗੁਰਸੇਵਕ ਸਿੰਘ ਨਵਾਂ ਗਾਉਂ ਨੇ ਕਿਹਾ ਕਿ ਛਤਰਾਣਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਲਵੰਤ ਸਿੰਘ ਬਾਜ਼ੀਗਰ ਨੇ ਸ਼ਰੇਆਮ ਵਿਰੋਧੀ ਉਮੀਦਵਾਰਾਂ ਕਿਹਾ ਹੈ ਕਿ ਤੁਸੀਂ ਬੈਠ ਜਾਵੋ, ਨਹੀਂ ਤਾਂ ਅਸੀਂ ਵੋਟਿੰਗ ਬੂਥ ਦੇ ਕਮਰੇ ਦੇ ਗੇਟ ਬੰਦ ਕਰਕੇ ਧੱਕੇ ਨਾਲ ਜਿੱਤ ਜਾਵਾਂਗੇ | ਇਹ ਲੋਕਤੰਤਰ 'ਤੇ ਸਿੱਧਾ ਹਮਲਾ ਹੈ ਅਤੇ ਪੰਜਾਬ ਦੀ ਰਵਾਇਤ ਦੇ ਉਲਟ ਹੈ | ਇਹ ਦਿੱਲੀ ਤੋਂ ਰਚੀ ਉਹੀ ਸਾਮ ਦਾਮ ਡੰਡ ਵੇਦ ਵਾਲੀ ਨੀਤੀ ਹੈ ਜਿਸ ਦਾ ਖ਼ੁਲਾਸਾ ਮੀਡੀਆ ਰਿਪੋਰਟਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਮੀਟਿੰਗ ਵਿੱਚ ਹੋਇਆ ਸੀ | ਉਸ ਮੀਟਿੰਗ 'ਚ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ 2027 ਜਿੱਤਣ ਲਈ ਲੜਾਈ ਝਗੜਾ ਕਰਨਾ ਪਵੇ ਤਾਂ ਵੀ ਅਸੀਂ ਕੁੱਝ ਵੀ ਕਰਾਂਗੇ | ਮੀਡੀਆ ਰਿਪੋਰਟਾਂ ਮੁਤਾਬਕ ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੀ ਉੱਥੇ ਮੌਜੂਦ ਸਨ | ਭਾਰਤ ਚੋਣ ਕਮਿਸ਼ਨ ਨੇ ਮਨੀਸ਼ ਸਿਸੋਦੀਆ 'ਤੇ ਉਸ ਵੇਲੇ ਕਾਰਵਾਈ ਕਰਨੀ ਚਾਹੀਦੀ ਸੀ | ਹਲਕਾ ਸ਼ਤਰਿਆਣਾ ਦੀਆਂ ਸੜਕਾਂ, ਮੰਡੀਆਂ ਅਤੇ ਸ਼ਹਿਰਾਂ ਦਾ ਬੁਰਾ ਹਾਲ ਹੈ | ਨੌਜਵਾਨੀ ਨਸ਼ਿਆਂ ਵੱਲ ਅਤੇ ਪਰਦੇਸਾਂ ਵੱਲ ਜਾ ਰਹੀ ਹੈ | ਲੋਕਾਂ ਨੇ ਕਲਵੰਤ ਸਿੰਘ ਨੂੰ ਸੱਤਾ ਵਿਕਾਸ ਅਤੇ ਸੇਵਾ ਲਈ ਦਿੱਤੀ ਸੀ, ਧੱਕਾਸ਼ਾਹੀ ਲਈ ਨਹੀਂ | ਕਲਵੰਤ ਸਿੰਘ ਬਾਜ਼ੀਗਰ ਜੀ, ਲੋਕਤੰਤਰ ਧਮਕੀਆਂ ਨਾਲ ਨਹੀਂ, ਕੰਮ ਨਾਲ ਚੱਲਦਾ ਹੈ | ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਕਲਵੰਤ ਸਿੰਘ ਬਾਜ਼ੀਗਰ 'ਤੇ ਬਣਦੀ ਕਾਰਵਾਈ ਕਰਕੇ ਇਹਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰੇ |